ਡੇਂਗੂ ਦੀ ਰੋਕਥਾਮ ਲਈ ਫਗਵਾੜਾ ਤੇ ਕਪੂਰਥਲਾ ਦੇ ਨਗਰ ਨਿਗਮ ਕਮਿਸ਼ਨਰਾਂ ਨੂੰ ਲਗਾਤਾਰ ਫੌਗਿੰਗ ਕਰਵਾਉਣ ਦੇ ਹੁਕਮ
ਵਧਦੇ ਕੇਸਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਨੂੰ ਹੋਰ ਚੌਕੰਨਾ ਰਹਿਣ ਦੇ ਨਿਰਦੇਸ਼
ਕਪੂਰਥਲਾ, 21 ਅਕਤੂਬਰ(ਵਿਸ਼ਵ ਵਾਰਤਾ)-ਡੇਂਗੂ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਵੱਲੋਂ ਕਪੂਰਥਲਾ ਤੇ ਫਗਵਾੜਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਦੋਹਾਂ ਸ਼ਹਿਰਾਂ ਅੰਦਰ ਰੋਜਾਨਾ ਫੌਗਿੰਗ ਕਰਵਾਈ ਜਾਣੀ ਯਕੀਨੀ ਬਣਾਉਣ। ਇਸ ਤੋਂ ਇਲਾਵਾ ਸਿਹਤ ਟੀਮਾਂ ਤੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਪੱਧਰ ’ਤੇ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲੇ੍ਹ ਵਿਚ ਡੇਂਗੂ ਕੇਸਾਂ ਦੀ ਸੰਖਿਆ 383 ਹੋ ਗਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਇਸੇ ਦੌਰਾਨ ਸਿਵਲ ਸਰਜਨ ਕਪੂਰਥਲਾ ਡਾ.ਪਰਮਿੰਦਰ ਕੌਰ ਨੇ ਲੋਕਾਂ ਨੂੰ ਡ੍ਰਾਈ ਡੇ ਦੀ ਪਾਲਣਾ ਸਖਤੀ ਨਾਲ ਕਰਨ ਲਈ ਕਿਹਾ ਹੈ। ਉਨ੍ਹਾਂ ਜੋਰ ਦਿੱਤਾ ਹੈ ਕਿ ਘਰਾਂ ਦੇ ਆਸ ਪਾਸ ਪਾਣੀ ਦਾ ਖੜਾ ਬਿਲਕੁਲ ਨਾ ਹੋਣ ਦਿੱਤਾ ਜਾਏ, ਸੈਲਫ ਮੈਡੀਕੇਸ਼ਨ ਤੋਂ ਬਚਿਆ ਜਾਏ।
ਉਨ੍ਹਾਂ ਕਿਹਾ ਕਿ ਪਾਣੀ ਇੱਕਠਾ ਹੋਣ ਵਾਲੇ ਸੋਮੇਂ ਜਿਵੇਂ ਕਿ ਕੂਲਰਾਂ, ਫਰਿੱਜਾਂ ਦੀਆਂ ਟ੍ਰੇਆਂ ਨੂੰ ਚੰਗੀ ਤਰ੍ਹਾਂ ਸੁਕਾਇਆ ਜਾਏ ਤੇ ਛੱਤਾਂ ਤੇ ਪਏ ਕਬਾੜ ਆਦਿ ਨੂੰ ਨਸ਼ਟ ਕੀਤਾ ਜਾਏ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ। ਉਨ੍ਹਾਂ ਜੋਰ ਦਿੱਤਾ ਕਿ ਪੂਰੀਆਂ ਬਾਹਾਂ ਦੇ ਕਪੜੇ ਪਾਏ ਜਾਣ ।