ਡੀ ਸੀ ਵੱਲੋਂ ਨਗਰ ਕੌਂਸਲਾਂ ਤੇ ਬੀ ਡੀ ਪੀ ਓਜ਼ ਨੂੰ ਆਪੋ-ਆਪਣੇ ਇਲਾਕਿਆਂ ’ਚ ਚੈਕਿੰਗ ਕਰਨ ਤੇ ਗੈਰ-ਕਾਨੂੰਨੀ ਉਸਾਰੀਆਂ ਰੋਕਣ ਦੀ ਹਦਾਇਤ
ਨਵਾਂਸ਼ਹਿਰ, 28 ਅਕਤੂਬਰ(ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ ’ਚ ਅਣ-ਅਧਿਕਾਰਿਤ ਕਲੋਨੀਆਂ ਅਤੇ ਗੈਰ-ਕਾਨੂੰਨੀ ਇਮਾਰਤਾਂ ਦੀ ਉਸਾਰੀ ਦਾ ਸਖਤ ਨੋਟਿਸ ਲੈਂਦਿਆਂ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਇਨ੍ਹਾਂ ਦੀ ਚੈਕਿੰਗ ਕਰਨ ਦੇ ਆਦੇਸ਼ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਅਣ-ਅਧਿਕਾਰਿਤ ਕਲੋਨੀਆਂ/ ਗੈਰ-ਕਾਨੂੰਨੀ ਇਮਾਰਤਾਂ ਦੀ ਉਸਾਰੀ ਰੋਕੇ ਜਾਣ ਦੇ ਨਾਲ-ਨਾਲ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਬਿਨਾਂ ਮਨਜ਼ੂਰੀ/ਨਕਸ਼ਾ ਪਾਸ ਕੋਈ ਵੀ ਉਸਾਰੀ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਮਨਜ਼ੂਰੀ/ਨਕਸ਼ਾ ਪਾਸ ਕਰਵਾਇਆਂ ਹੋਣ ਵਾਲੀਆਂ ਉਸਾਰੀਆਂ ਜਿੱਥੇ ਸਰਕਾਰ ਹਦਾਇਤਾਂ ਅਤੇ ਨਿਯਮਾਂ ਦੀ ਉਲੰਘਣਾ ਹੈ, ਉੱਥੇ ਸਰਕਾਰ ਨੂੰ ਇਨ੍ਹਾਂ ਦੀ ਐਨ ਓ ਸੀ/ਨਿਯਮਿਤ ਹੋਣ ਤੋਂ ਆਉਣ ਵਾਲੇ ਮਾਲੀਏ ’ਤੇ ਵੀ ਅਸਰ ਪੈਂਦਾ ਹੈ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਉਹ ਖੁਦ ਅਜਿਹੀਆਂ ਥਾਂਵਾਂ ਦੀ ਅਚਨਚੇਤ ਜਾਂਚ ਕਰਨਗੇ ਅਤੇ ਜਿਸ ਵੀ ਥਾਂ ’ਤੇ ਅਜਿਹੀ ਕੋਈ ਗੈਰ-ਕਾਨੂੰਨੀ ਉਸਾਰੀ ਹੁੰਦੀ ਪਾਈ ਜਾਂਦੀ ਹੈ ਤਾਂ ਸਬੰਧਤ ਅਧਿਕਾਰੀ ਦੀ ਜੁਆਬਦੇਹੀ ਤੈਅ ਕੀਤੀ ਜਾਵੇਗੀ।
ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉੁਹ ਕੋਈ ਵੀ ਉਸਾਰੀ ਸਮਰੱਥ ਅਥਾਰਟੀ ਦੀ ਮਨਜੂਰੀ ਹਾਸਲ ਕੀਤੇ ਬਿਨਾਂ ਜਾਂ ਨਕਸ਼ਾ ਪਾਸ ਕਰਵਾਏ ਬਿਨਾਂ ਨਾ ਕਰਨ। ਅਜਿਹਾ ਕਰਨ ’ਤੇ ਉਨ੍ਹਾਂ ਖਿਲਾਫ਼ ਕਾਰਵਾਈ ਹੋਣ ਦੇ ਨਾਲ-ਨਾਲ ਨਜਾਇਜ਼ ਉਸਾਰੀ ’ਤੇ ਢਾਹੁਣ ਦੀ ਤਲਵਾਰ ਵੀ ਲਟਕ ਸਕਦੀ ਹੈ, ਜਿਸ ਨਾਲ ਉਨ੍ਹਾਂ ਨੂੰ ਮਾਲੀ ਨੁਕਸਾਨ ਵੀ ਉਠਾਉਣਾ ਪਵੇਗਾ।