ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੇ ਰੇਟਾਂ ‘ਚ ਭਾਰੀ ਵਾਧੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਮੁਲਕ ਵਿਆਪੀ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ, ਹਰਿਆਣੇ ਦੇ 21 ਜ਼ਿਲ੍ਹਿਆਂ ਵਿੱਚ ਰੋਸ ਪ੍ਰਦਰਸ਼ਨ
ਚੰਡੀਗੜ੍ਹ ,ੋ8 ਜੁਲਾਈ (ਵਿਸ਼ਵ ਵਾਰਤਾ ) ਡੀਜ਼ਲ, ਪੈਟਰੋਲ, ਰਸੋਈ ਗੈਸ ਦੇ ਰੇਟਾਂ ‘ਚ ਭਾਰੀ ਵਾਧੇ ਖਿਲਾਫ ਪੂਰੇ ਭਾਰਤ ਵਿੱਚ ਰੋਸ ਪ੍ਰਦਰਸ਼ਨ ਕਰਨ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਪੰਜਾਬ ਦੇ 18 ਜ਼ਿਲ੍ਹਿਆਂ ਅਤੇ ਹਰਿਆਣੇ ਦੇ 4 ਜ਼ਿਲ੍ਹਿਆਂ ਵਿੱਚ ਭਾਰੀ ਰੋਸ ਪ੍ਰਦਰਸ਼ਨ ਕੀਤੇ ਗਏ। ਇੱਥੇ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ‘ਚੋਂ ਲੰਘਦੇ ਕੌਮੀ ਅਤੇ ਰਾਜ ਮਾਰਗਾਂ ਉੱਪਰ 87 ਥਾਂਵਾਂ ‘ਤੇ ਦੋਨੋਂ ਸਾਈਡਾਂ ਉੱਪਰ ਹਜ਼ਾਰਾਂ ਦੀ ਤਾਦਾਦ ਵਿੱਚ ਟਰੈਕਟਰਾਂ ਸਮੇਤ ਹਰ ਕਿਸਮ ਦੇ ਵਹੀਕਲਜ਼ ਖੜ੍ਹਾ ਕੇ ਅਤੇ ਖਾਲੀ ਗੈਸ ਸਿਲੰਡਰ ਰੱਖ ਕੇ 10 ਤੋਂ 12 ਵਜੇ ਤੱਕ ਭਾਰੀ ਗਿਣਤੀ ਔਰਤਾਂ ਤੇ ਨੌਜਵਾਨਾਂ ਸਮੇਤ 15 ਹਜ਼ਾਰ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਸਮਾਪਤੀ ਮੌਕੇ ਅੱਠ ਮਿੰਟ ਹਾਰਨ ਵਜਾ ਕੇ ਅਤੇ ਖਾਲੀ ਸਿਲੰਡਰ ਖੜਕਾ ਕੇ ਘੋਗੜਕੰਨੀ ਬਣੀ ਬੈਠੀ ਭਾਜਪਾ ਮੋਦੀ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ। ਇਸ ਮੌਕੇ ਮੋਦੀ ਸਰਕਾਰ ਤੇ ਸਾਮਰਾਜੀ ਕਾਰਪੋਰੇਟ ਮੁਰਦਾਬਾਦ ਦੇ ਨਾਹਰੇ ਮਾਰਦੇ ਹੋਏ ਡੀਜ਼ਲ ਪੈਟਰੋਲ ਰਸੋਈ ਗੈਸ ਦੇ ਰੇਟਾਂ ‘ਚ ਕੀਤਾ ਭਾਰੀ ਵਾਧਾ ਵਾਪਸ ਲੈਣ, ਸਮੁੱਚਾ ਪੈਟਰੋਲੀਅਮ ਕਾਰੋਬਾਰ ਸਰਕਾਰੀ ਹੱਥਾਂ ਵਿੱਚ ਲੈਣ ਅਤੇ ਜੀ ਐਸ ਟੀ ਦੇ ਦਾਇਰੇ ਵਿੱਚ ਲਿਆ ਕੇ 5% ਟੈਕਸ ਲਾਉਣ ਦੀਆਂ ਮੰਗਾਂ ਦੇ ਹੱਕ ਵਿੱਚ ਜ਼ੋਰਦਾਰ ਨਾਹਰੇ ਲਾਏ ਗਏ। ਵੱਖ ਵੱਖ ਥਾਂਈਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਹਰਦੀਪ ਸਿੰਘ ਟੱਲੇਵਾਲ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ ਅਤੇ ਜਿਲ੍ਹਾ/ ਬਲਾਕ ਪੱਧਰ ਦੇ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਭਾਜਪਾ ਮੋਦੀ ਸਰਕਾਰ ਉਤੇ ਦੋਸ਼ ਲਾਇਆ ਕਿ ਉਹ ਸੰਸਾਰ ਵਪਾਰ ਸੰਸਥਾ ਅਤੇ ਸੰਸਾਰ ਬੈਂਕ ਦੁਆਰਾ ਨਿਰਦੇਸ਼ਤ ਖੁੱਲ੍ਹੀ ਮੰਡੀ ਤੇ ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਤੇ ਹੋਰ ਸਾਰੇ ਪੈਦਾਵਾਰੀ ਸੋਮਿਆਂ ਸਮੇਤ ਜਨਤਕ ਅਦਾਰਿਆਂ ਨੂੰ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਰਕੇ ਉਨ੍ਹਾਂ ਦੇ ਅੰਨ੍ਹੇ ਮੁਨਾਫਿਆਂ ਦੀ ਗਰੰਟੀ ਕਰਨ ‘ਤੇ ਤੁਲੀ ਹੋਈ ਹੈ। ਪੈਟਰੋਲੀਅਮ ਪਦਾਰਥਾਂ ਦੇ ਰੇਟ ਰੋਜ਼ ਰੋਜ਼ ਵਧਾਉਣ ਦਾ ਅਧਿਕਾਰ ਉਨ੍ਹਾਂ ਨੂੰ ਸੌਂਪਣ ਦੇ ਸਿੱਟੇ ਵਜੋਂ ਹੀ ਇਹ ਰੇਟ ਅਸਮਾਨੀਂ ਚਾੜ੍ਹੇ ਗਏ ਹਨ। ਬੁਲਾਰਿਆਂ ਨੇ ਲੁਧਿਆਣਾ ਦੇ ਸਮਾਜਿਕ ਕਾਰਕੁੰਨ ਰੋਹਿਤ ਸਭਰਵਾਲ ਦੁਆਰਾ ਸੂਚਨਾ ਅਧਿਕਾਰ ਐਕਟ ਤਹਿਤ 2020 ‘ਚ ਹਾਸਲ ਕੀਤੀ ਗਈ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਸ ਹਕੂਮਤ ਵੱਲੋਂ 29 ਦੇਸ਼ਾਂ ਨੂੰ ਵੇਚੇ ਜਾ ਰਹੇ ਡੀਜ਼ਲ ਪੈਟਰੋਲ ਦੇ ਮੁਕਾਬਲੇ ਭਾਰਤਵਾਸੀਆਂ ਕੋਲੋਂ ਤਿੰਨ ਗੁਣਾ ਤੋਂ ਲੈ ਕੇ ਅੱਠ ਨੌਂ ਗੁਣਾ ਤੱਕ ਵੱਧ ਰੇਟ ਵਸੂਲੇ ਜਾ ਰਹੇ ਹਨ। ਮਿਸਾਲ ਵਜੋਂ ਬੈਲਜੀਅਮ ਨੂੰ 10.75 ਰੁਪਏ,ਚੀਨ ਨੂੰ 10.94 ਰੁਪਏ,ਟੋਗੋ ਨੂੰ 15 ਰੁਪਏ, ਨੀਦਰਲੈੰਡ ਤੇ ਬੰਗਲਾਦੇਸ਼ ਨੂੰ 12.34 ਰੁਪਏ ਅਤੇ ਬ੍ਰਾਜ਼ੀਲ ਨੂੰ 31.25 ਰੁਪਏ ਪ੍ਰਤੀ ਲਿਟਰ ਡੀਜ਼ਲ ਵੇਚਿਆ ਜਾ ਰਿਹਾ ਹੈ। ਇਸ ਘੋਰ ਬੇਇਨਸਾਫ਼ੀ ਦੀ ਤੁਲਨਾ ਦੇਸ਼ਧ੍ਰੋਹੀ ਨਾਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਅੰਨ੍ਹੀ ਲੁੱਟ ਕਾਰਨ ਜਿੱਥੇ ਖੇਤੀ ਲਾਗਤ ਖਰਚਿਆਂ ਵਿੱਚ ਭਾਰੀ ਵਾਧਾ ਹੋਇਆ ਹੈ ਉੱਥੇ ਆਮ ਮਹਿੰਗਾਈ ਵੀ ਹੱਦਾਂ ਬੰਨੇ ਪਾਰ ਕਰ ਰਹੀ ਹੈ। ਬੁਲਾਰਿਆਂ ਨੇ ਐਲਾਨ ਕੀਤਾ ਕਿ ਕਾਲੇ ਖੇਤੀ ਕਾਨੂੰਨ ਰੱਦ ਕਰਨ ਸੰਬੰਧੀ ਮੁੱਖ ਮੰਗਾਂ ਮੰਨਾਉਣ ਲਈ ਚੱਲ ਰਹੇ ਜਾਨਹੂਲਵੇਂ ਕਿਸਾਨ ਮੋਰਚੇ ਨੂੰ ਹੋਰ ਤੇਜ਼ ਕਰਨ ਲਈ 22 ਜੁਲਾਈ ਤੋਂ ਸ਼ੁਰੂ ਕਰਕੇ ਸੰਸਦ ਦਾ ਮੌਨਸੂਨ ਇਜਲਾਸ ਖ਼ਤਮ ਹੋਣ ਤੱਕ ਰੋਜ਼ਾਨਾ ਦੋ ਸੌ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਦੇ ਸਾਂਝੇ ਜੱਥਿਆਂ ਵੱਲੋਂ ਸੰਸਦ ਭਵਨ ਤੱਕ ਸ਼ਾਂਤਮਈ ਰੋਸ ਮਾਰਚ ਕਰਕੇ ਅੜੀਖੋਰ ਸਰਕਾਰ ਅਤੇ ਸਮੂਹ ਸਾਂਸਦਾਂ ਤੱਕ ਆਪਣੀ ਹੱਕੀ ਆਵਾਜ਼ ਪਹੁੰਚਾਉਣ ਦਾ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਵੀ ਜਥੇਬੰਦੀ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ‘ਤੇ 17 ਜੁਲਾਈ ਨੂੰ ਭਾਜਪਾ ਸਾਂਸਦਾਂ ਜਾਂ ਪ੍ਰਮੁੱਖ ਆਗੂਆਂ ਦੇ ਘਰਾਂ ਤੱਕ ਰੋਸ ਮਾਰਚ ਕਰਕੇ ਚਿਤਾਵਨੀ ਪੱਤਰ ਵੀ ਸੌਂਪੇ ਜਾਣਗੇ।