ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ) : ਡਿਜ਼ੀਟਲ ਮੀਡੀਆ ਐਸੋਸੀਏਸ਼ਨ ਵਲੋਂ ਅੱਜ ਮੁੱਖ ਦਫਤਰ ਅਰਥ ਪ੍ਰਕਾਸ਼ ਭਵਨ ਸੈਕਟਰ-29 ਡੀ ਵਿਖੇ ਇੰਟਰਨੈਸ਼ਨਲ ਪ੍ਰੈੱਸ ਦਿਵਸ ਅਤੇ ਆਨਲਾਈਨ ਮੀਡੀਆ ਦਾ ਭਵਿੱਖ ਤੇ ਚੁਣੌਤੀਆਂ ਬਾਰੇ ਸੈਮੀਨਾਰ ਕਰਵਾਇਆ ਗਿਆ।
ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪ੍ਰੈੱਸ ਦੀ ਭੂਮਿਕਾ ਸਮਾਜ ਨੂੰ ਦੇਣ ਤੇ ਉਸ ਨੂੰ ਆ ਰਹੀਆਂ ਚੁਣੌਤੀਆਂ ਬਾਰੇ ਜ਼ਿਕਰ ਕੀਤਾ। ਸੰਸਥਾ ਦੇ ਚੇਅਰਮੈਨ ਸਤਿੰਦਰ ਸਿੰਘ ਬੈਂਸ (ਪੰਜਾਬ ਨਿਊਜ਼ ਐਕਸਪ੍ਰੈੱਸ ਡਾਟ ਕਾਮ) ਨੇ ਦੱਸਿਆ ਕਿ ਹੁਣ ਤੇ ਪਹਿਲੋਂ ਦੀ ਪੱਤਰਕਾਰੀ ਵਿਚ ਬਹੁਤ ਫਰਕ ਪੈ ਗਿਆ ਹੈ। ਹੁਣ ਪੱਤਰਕਾਰ ਪਹਿਲਾਂ ਨਾਲੋਂ ਜ਼ਿਆਦਾ ਚੇਤਨ ਤੇ ਪ੍ਰੋਫੈਸ਼ਨਲ ਹਨ। ਉਹਨਾਂ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਦੋਂ ਉਹ ਰੋਪੜ ਤੋਂ ਪੱਤਰਕਾਰ ਸਨ ਤੇ ਸਾਡੇ ਨਾਲ ਰਿਕਸ਼ਾ ਯੂਨੀਅਨ ਦਾ ਪ੍ਰਧਾਨ ਵੀ ਪੱਤਰਕਾਰ ਸੀ। ਕਿਸੇ ਗੱਲ ਤੋਂ ਜੇ ਪ੍ਰੋਫੈਸ਼ਨਲ ਪੱਤਰਕਾਰ ਨਾਲ ਨੋਕ-ਝੋਕ ਹੋ ਗਈ ਉਦੋਂ ਉਸ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਉਰਫ ਪੱਤਰਕਾਰ ਨੇ ਪ੍ਰੋਫੈਸ਼ਨਲ ਪੱਤਰਕਾਰਾਂ ਵਿਰੁੱਧ ਨਾਅਰੇਬਾਜ਼ੀ ਕਰਵਾਈ।
ਸੰਸਥਾ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ (ਵਿਸ਼ਵ ਵਾਰਤਾ ਡਾਟ ਇਨ) ਨੇ ਪੱਤਰਕਾਰੀ ਦੌਰਾਨ ਖਾੜਕੂਵਾਦ ਦੇ ਦੌਰ ਦੌਰਾਨ ਦੀ ਪੱਤਰਕਾਰੀ ਸਮੇਂ ਮੁਸ਼ਕਿਲਾਂ ਉਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਔਕੜਾਂ ਹੁਣ ਵੀ ਹਨ, ਪਰ ਉਹਨਾਂ ਦਾ ਮੁਹਾਂਦਰਾ ਬਦਲ ਚੁੱਕਿਆ ਹੈ। ਉਹਨਾਂ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਆ ਰਹੀਆਂ ਔਕੜਾਂ ਨੂੰ ਘੱਟ ਕਰਨ ਲਈ ਉਹ ਯਤਨਸ਼ੀਲ ਰਹਿਣਗੇ।
ਇਸ ਦੌਰਾਨ ਪਰਮਿੰਦਰ ਜੱਟਪੁਰੀ (ਖਬਰਵਾਲੇ ਡਾਟ ਕਾਮ), ਨਿਰਮਲ ਮਾਨਸਾਹੀਆ (ਪੰਜਾਬੀ ਜਾਗਰਣ), ਰਾਜਦੀਪ ਕੌਰ, ਪੀਐੱਨਜੀ ਤੇ ਰਾਮਵੀਰ ਜੈਨ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਸੰਸਥਾ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਕੋਹਲੀ ਨੇ ਕਿਹਾ ਕਿ ਸਰਕਾਰ ਨੂੰ ਅਗਲੇ ਦਿਨਾਂ ਵਿਚ ਮਿਲ ਕੇ ਡਿਜ਼ੀਟਲ ਮੀਡੀਆ ਨੂੰ ਆ ਰਹੀਆਂ ਔਕੜਾਂ ਸਬੰਧੀ ਇੱਕ ਮੈਮੋਰੰਡਮ ਦਿੱਤਾ ਜਾਵੇਗਾ ਤੇ ਆ ਰਹੀਆਂ ਔਕੜਾਂ ਨੂੰ ਦੂਰ ਕਰਾਉਣ ਦਾ ਯਤਨ ਕੀਤਾ ਜਾਵੇਗਾ।