ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਕਾਂਗਰਸ ਦੀ ਹਾਰ ਦਾ ਠੀਕਰਾ ਸੀਨੀਅਰ ਲੀਡਰਸ਼ਿਪ ਸਿਰ ਭੰਨਿਆ
ਪੈਸੇ ਲੈਕੇ ਟਿਕਟਾਂ ਵੇਚਣ ਦੇ ਲਾਏ ਗੰਭੀਰ ਦੋਸ਼
ਚੰਡੀਗੜ੍ਹ, 10 ਮਾਰਚ(ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਰਾਜ ਵਿੱਚ ਕਾਂਗਰਸ ਪਾਰਟੀ ਦੀ ਹੋਈ ਵੱਡੀ ਹਾਰ ਠੀਕਰਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਪਰ ਭੰਨਦਿਆਂ ਕਿਹਾ ਕਿ ਗਲਤ ਵਿਅਕਤੀਆਂ ਅਤੇ ਸਿਫਾਰਸ਼ੀ ਲੋਕਾਂ ਨੂੰ ਪੈਸਿਆਂ ਨਾਲ ਵੇਚੀਆਂ ਗਈਆਂ ਟਿਕਟਾਂ ਕਾਰਨ ਅੱਜ ਬੁਰੀ ਹਾਰ ਦਾ ਮੂੰਹ ਵੇਖਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਪਹਿਲੀ ਵਾਰ ਹੈ ਕਿ ਸੂਬੇ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਥਾਵਾਂ ਤੋਂ ਚੋਣ ਲੜਕੇ ਹਾਰ ਜਾਵੇ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਕਈ ਹੋਰ ਵਜ਼ੀਰ ਚੋਣਾਂ ਵਿੱਚ ਲੁਟਕ ਗਏ ਹਨ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਬਹੁਤੀਆਂ ਥਾਵਾਂ ’ਤੇ ਤੀਜੇ ਅਤੇ ਚੌਥੇ ਸਥਾਨ ’ਤੇ ਆਏ ਹਨ ਅਤੇ ਅਜਿਹੀ ਹਾਰ ਅੱਜ ਤੱਕ ਪੰਜਾਬ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਟਿਕਟਾਂ ਦੀ ਵੰਡ ਵੇਲੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਮੁੱਖ ਮੰਤਰੀ ਚੰਨੀ ਨਾਲ ਮਿਲਕੇ ਟਿਕਟਾਂ ਦੀ ਵੰਡ ਵੇਲੇ ਲਾਲਚ ਵਿੱਚ ਆਕੇ ਕੀਤੀ ਗਈ ਕਾਣੀ ਵੰਡ ਨੇ ਅੱਜ ਦੇਸ਼ ਭਰ ਵਿੱਚ ਕਾਂਗਰਸ ਦਾ ਜਲੂਸ ਕੱਢਿਆ ਹੈ, ਹਾਲਾਂਕਿ ਪੰਜਾਬੀ ਲੋਕਾਂ ਨੇ ਹਮੇਸ਼ਾ ਕਾਂਗਰਸ ਦਾ ਸਿਰ ਇਸ ਸੂਬੇ ਵਿੱਚ ਉਚਾ ਕੀਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਆਗੂਆਂ ਨੇ ਜਾਤੀ ਰੰਜ਼ਿਸ਼ ਕਾਰਨ ਜਿੱਤਣ ਵਾਲੇ ਅਨੇਕਾਂ ਨੇਤਾਵਾਂ ਨੂੰ ਟਿਕਟ ਤੋਂ ਵਾਂਝਾ ਕੀਤਾ ਗਿਆ ਅਤੇ ਇੱਕ ਵਿਸ਼ੇਸ ਭਾਈਚਾਰੇ ਲਈ ਟਿਕਟਾਂ ਦੇਣ ਵੇਲੇ ਰਾਹ ਵਿੱਚ ਅੜਿੱਕਾ ਬਣੇ ਰਹੇ। ਸ੍ਰੀ ਭੱਟੀ ਨੇ ਕਿਹਾ ਕਿ ਉਹ ਇਹ ਸਾਰੇ ਮਾਮਲੇ ਦਾ ਚਿੱਠਾ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਸਮੇਤ ਰਾਹੁਲ ਗਾਂਧੀ ਅਤੇ ਪਿ੍ਰੰਯਕਾ ਗਾਂਧੀ ਕੋਲ ਲੈਕੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹਨਾਂ ਪਾਰਟੀ ਦੀ ਏਕਤਾ ਨੂੰ ਮੁੱਖ ਰੱਖਦਿਆਂ ਹੋਇਆ ਆਪਣਾ ਮੂੰਹ ਸੀਨੀਅਰ ਨੇਤਾਵਾਂ ਕੋਲ ਨਹੀਂ ਸੀ ਖੋਲ੍ਹਿਆ।
ਸ੍ਰੀ ਭੱਟੀ ਨੇ ਸ੍ਰੋਮਣੀ ਅਕਾਲੀ ਦੀ ਹਾਰ ਸਬੰਧੀ ਸੁਖਬੀਰ ਸਿੰਘ ਬਾਦਲ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਵੱਲੋਂ ਦੂਜੀਆਂ ਪਾਰਟੀਆਂ ਦੇ ਨੇਤਾਵਾਂ ’ਤੇ ਲਾਏ ਗਏ ਬੇਤੁੱਕੇ ਦੋਸ਼ਾਂ ਅਤੇ ਸੀਨੀਅਰ ਟਕਸਾਲੀ ਨੇਤਾਵਾਂ ਨੂੰ ਅੱਖੋ-ਪਰੋਖੇ ਕਰਕੇ ਲਗਾਤਾਰ ਦੂਜੀ ਵਾਰ ਰਾਜ ਵਿੱਚ ਤੀਜੇ ਨੰਬਰ ਦੀ ਪਾਰਟੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸ੍ਰੋਮਣੀ ਅਕਾਲੀ ਦਲ ਦਾ ਹਾਲ ਹਰਿਆਣੇ ਦੇ ਚੌਟਾਲਿਆਂ ਵਾਲਾ ਹੋਵੇਗਾ।























