ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਬਣਾਏ ਦੀਵਾਲੀ ਦੇ ਸਮਾਨ ਦੀ ਪ੍ਰਦਰਸ਼ਨੀ ਦਾ ਜਾਇਜ਼ਾ
ਨਵਾਂ ਸ਼ਹਿਰ,20ਅਕਤੂਬਰ(ਵਿਸ਼ਵ ਵਾਰਤਾ)-ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਆਪਣੇ ਹੱਥੀ ਤਿਆਰ ਕੀਤੇ ਦੀਵਾਲੀ ਦੇ ਤਿਉਹਾਰ ਸੰਬੰਧੀ ਸਮਾਨ ਦੀ ਪ੍ਰਦਰਸ਼ਨੀ ਸਥਾਨਕ ਐਸ ਡੀ ਐਮ ਦਫ਼ਤਰ ਵਿਖੇ ਲਗਾਈ ਗਈ, ਜਿਸਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨਵਜੋਤਪਾਲ ਸਿੰਘ ਰੰਧਾਵਾ ਨੇ ਕੀਤਾ। ਉਨ੍ਹਾਂ ਇਸ ਮੌਕੇ ਆਖਿਆ ਕਿ ਕੁਦਰਤ ਨੇ ਹਰੇਕ ਇਨਸਾਨ ਭਾਵੇਂ ਬੱਚਾ ਹੋਵੇ ਜਾਂ ਵੱਡਾ, ਉਸ ਅੰਦਰ ਕੋਈ ਨਾ ਕੋਈ ਕਲਾ ਬਖਸ਼ੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਕਲਾ ਨੂੰ ਉਜਾਗਰ ਸਿਰਫ਼ ਉਸ ਦਾ ਯੋਗ ਅਤੇ ਤਜਰਬੇਕਾਰ ਅਧਿਆਪਕ ਹੀ ਕਰ ਸਕਦਾ ਹੈ। ਉਨ੍ਹਾਂ ਆਖਿਆ ਕਿ ਇਹ ਵਿਸ਼ੇਸ਼ ਲੋੜਾਂ ਵਾਲੇ ਬੱਚੇ ਭਾਵੇ ਆਪਣੇ ਜੀਵਨ ’ਚ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਕੇ ਅੱਗੇ ਵਧੇ ਹਨ ਪਰ ਇਨ੍ਹਾਂ ਵੱਲੋਂ ਜ਼ਿੰਦਗੀ ਜਿਊਣ ਲਈ ਸਰੀਰਕ ਚਣੌਤੀਆਂ ਦਾ ਸਾਹਮਣਾ ਕਰਕੇ ਆਪਣੇ ਆਪ ਨੂੰ ਸਮਾਜ ’ਚ ਅੱਗੇ ਲੈ ਕੇ ਜਾਣਾ ਅਤੇ ਆਪਣੇ ਅੰਦਰਲੀ ਪ੍ਰਤਿਭਾ ਦਾ ਸਾਕਾਰਾਤਮਕ ਪ੍ਰਗਟਾਵਾ ਕਰਨਾ, ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਦੀ ਅੰਦਰਲੀ ਕਲਾ ਨੂੰ ਉਜਾਗਰ ਕਰਨ ਅਤੇ ਅੱਗੇ ਵਧਾਉਣ ਵਿੱਚ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਸਮਾਜ ਵਿੱਚ ਹੀਣ ਭਾਵਨਾ ਨੂੰ ਪਿੱਛੇ ਛੱਡਦੇ ਹੋਏ ਪੂਰਣ ਬਰਾਬਰੀ ਦੇ ਹੱਕ ਨਾਲ ਜਿੰਦਗੀ ਜੀਅ ਸਕਣ। ਉਨ੍ਹਾਂ ਇਸ ਮੌਕੇ ਕਿਹਾ ਕਿ ਇਨ੍ਹਾਂ ਬੱਚਿਆਂ ਦੁਆਰਾ ਬਣਾਇਆ ਸਮਾਨ ਖਰੀਦ ਕਰਕੇ ਇਨ੍ਹਾਂ ਦਾ ਹੌਸਲਾ ਅਫ਼ਜਾਈ ਕੀਤੀ ਜਾਵੇ।
ਇਸ ਮੌਕੇ ਡਾ.ਸ਼ਿਵਰਾਜ ਸਿੰਘ ਬੱਲ ਐਸ ਡੀ ਐਮ ਨਵਾਂਸ਼ਹਿਰ ਨੇ ਕਿਹਾ ਕਿ ਇਹ ਬੱਚੇ ਸਾਡੇ ਕੋਲੋ ਪਿਆਰ ਅਤੇ ਹੌਂਸਲਾ ਅਫ਼ਜਾਈ ਦੀ ਉਮੀਦ ਰੱਖਦੇ ਹਨ। ਇਸ ਲਈ ਸਾਨੂੰ ਇਨ੍ਹਾਂ ਦੇ ਹੌਂਸਲੇ ਨੂੰ ਵਧਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆਂ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ 985 ਵਿਸ਼ੇਸ਼ ਲੋੜਾਂ ਵਾਲੇ ਬੱਚੇ ਪੜ੍ਹ ਰਹੇ ਹਨ। ਇਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਜ਼ਿਲ੍ਹੇ ਅੰਦਰ ਵੱਖ-ਵੱਖ ਸਕੂਲਾਂ ਵਿੱਚ 22 ਸੈਂਟਰ ਅਤੇ ਇੱਕ ਜ਼ਿਲ੍ਹਾ ਪੱਧਰੀ ਕੇਂਦਰ ਡਾਈਟ ਨੌਰਾ ਵਿਖੇ ਵਿਭਾਗ ਵਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਆਮ ਪਬਲਿਕ ਨੂੰ ਅਪੀਲ ਵੀ ਕੀਤੀ ਕਿ ਜੇਕਰ ਕੋਈ ਅਜਿਹਾ ਬੱਚਾ ਹੈ ਤਾਂ ਉਨ੍ਹਾਂ ਨੂੰ ਇਨ੍ਹਾਂ ਸੈਂਟਰਾਂ ਵਿੱਚ ਦਾਖ਼ਲ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਅੰਦਰਲੀ ਕੋਈ ਨਾ ਕੋਈ ਪ੍ਰਤਿਭਾ ਅਤੇ ਹੁਨਰ ਉਜਾਗਰ ਹੋ ਸਕੇ। ਬੱਚਿਆਂ ਵੱਲੋਂ ਦੀਵੇ, ਜੈਲ ਮੋਮਬੱਤੀਆਂ, ਰੰਗੋਲੀ ਕਲਰ, ਪੈਨ ਅਤੇ ਹੋਰ ਬਹੁਤ ਸਾਰਾ ਸਮਾਨ ਤਿਆਰ ਕੀਤਾ ਗਿਆ। ਇਸ ਮੌਕੇ ਵਰਿੰਦਰ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀਮੈਂਟਰੀ ਸਿਖਿਆ),ਰਾਜੇਸ਼ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈਕੰਡਰੀ ਸਿਖਿਆ), ਗੁਰਦਿਆਲ ਮਾਨ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਐਲੀਮੈਂਟਰੀ ਸਿਖਿਆ, ਨਰਿੰਦਰ ਕੌਰ ਡੀ ਐਸ ਈ, ਰਜਨੀ ਬਾਲਾ ਡੀ ਐਸ ਈ ਡੀ, ਕੁਲਦੀਪ ਕੁਮਾਰ, ਰੂਹੀ, ਅੰਜੂ ਸਾਰੇ ਆਈ ਈ ਆਰ ਟੀ, ਅਨੁਰਾਧਾ ਵਰਮਾ, ਸਰਬਜੀਤ ਰਾਣੀ, ਰੀਤੂ ਭਨੋਟ, ਰੀਨਾ ਰਾਣਾ, ਬਲਜਿੰਦਰ ਕੌਰ, ਜਗਦੀਸ਼ ਰਾਏ, ਰਣਜੀਤ ਸਿੰਘ, ਰਜਿੰਦਰ ਸ਼ਰਮਾ, ਚੇਤਨ ਕੁਮਾਰ, ਗੌਰਵ ਕੁਮਾਰ ਅਤੇ ਰਾਕੇਸ਼ ਕੁਮਾਰ ਵੀ ਹਾਜ਼ਰ ਸਨ।