-ਪੰਜਾਬ ਸਰਕਾਰ ਫੋਟੋ ਪੱਤਰਕਾਰ ਜੈਦੀਪ ਦੇ ਪਰਿਵਾਰ ਨੂੰ ਮੁਆਵਜ਼ਾ ਦੇਵੇ : ਡਿਜੀਟਲ ਮੀਡੀਆ ਐਸੋਸੀਏਸ਼ਨ ਨੇ ਕੀਤੀ ਮੰਗ-
ਪਟਿਆਲਾ, ਚੰਡੀਗੜ੍ਹ, 24 ਅਗਸਤ – ਡਿਜੀਟਲ ਮੀਡੀਆ ਐਸੋਸੀਏਸ਼ਨ ਨੇ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿਚ ਕਰੋਨਾ ਬਿਮਾਰੀ ਨਾਲ ਦਮ ਤੋੜਨ ਵਾਲੇ ਫੋਟੋ ਪੱਤਰਕਾਰ ਜੈਦੀਪ ਸਿੰਘ ਦੇ ਹੱਕ ਵਿਚ ਹਾਂ ਦਾ ਨਾਅਰਾ ਮਾਰਦਿਆਂ ਪਰਿਵਾਰ ਲਈ ਪੰਜਾਬ ਸਰਕਾਰ ਤੋਂ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਤੇ ਵਿਸ਼ਵ ਵਾਰਤਾ ਨਿਊਜ਼ ਏਜੰਸੀ ਤੇ ਨਿਊਜ਼ ਪੋਰਟਲ ਦੇ ਸੰਪਾਦਕ ਦਵਿੰਦਰਜੀਤ ਸਿੰਘ ਦਰਸ਼ੀ ਅਤੇ ਸੀਨੀਅਰ ਪੱਤਰਕਾਰਾਂ ਬਾਬੂਸ਼ਾਹੀ ਡਾਟ ਕਾਮ ਦੇ ਸੰਪਾਦਕ ਬਲਜੀਤ ਸਿੰਘ ਬੱਲੀ, ਪੰਜਾਬ ਨਿਊਜ਼ ਐਕਸਪ੍ਰੈਸ ਦੇ ਸੰਪਾਦਕ ਸਤਿੰਦਰ ਸਿੰਘ ਬੈਂਸ, ਕੌਮੀ ਮਾਰਗ ਦੇ ਸੰਪਾਦਕ ਦਵਿੰਦਰ ਸਿੰਘ ਕੋਹਲੀ, ਜੈਸ ਪੰਜਾਬ ਦੇ ਸੰਪਾਦਕ ਐਚਐਸ ਬਾਵਾ, ਪੰਜਾਬਅੱਪਡੇਟ ਡਾਟ ਕਾਮ ਨਿਊਜ਼ ਪੋਰਟਲ ਦੇ ਸੰਪਾਦਕ ਨਿਰਮਲ ਸਿੰਘ ਮਾਨਸ਼ਾਹੀਆ, ਖ਼ਬਰਾਂਵਾਲਾ ਡਾਟ ਕਾਮ ਦੇ ਸੰਪਾਦਕ ਪਰਮਿੰਦਰ ਸਿੰਘ ਜੱਟਪੁਰੀ ਅਤੇ ਅਰਥ ਪ੍ਰਕਾਸ਼ ਅਖ਼ਬਾਰ ਦੇ ਸੰਪਾਦਕ ਮਹਾਂਵੀਰ ਜੈਨ ਤੋਂ ਇਲਾਵਾ ਹੋਰ ਅਹੁਦੇਦਾਰ ਪੱਤਰਕਾਰ ਪ੍ਰਸ਼ਾਂਤ ਸ਼ਰਮਾ ਹੋਰਨਾਂ ਨੇ ਐਸੋਸੀਏਸ਼ਨ ਵਲੋਂ ਇੱਕ ਸਾਂਝਾ ਬਿਆਨ ਜਾਰੀ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਨੌਜਵਾਨ ਫੋਟੋ ਪੱਤਰਕਾਰ ਜੈਦੀਪ ਦੇ ਪਰਿਵਾਰ ਦੀ ਮਦਦ ਲਈ ਸਰਕਾਰ ਅੱਗੇ ਆਵੇ। ਉਹ ਪਰਿਵਾਰ ਦਾ ਇਕੱਲਾ ਪੁੱਤਰ ਸੀ। ਦਰਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਖੁਦ 50 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਨ ਤਾਂ ਕਿ ਪੱਤਰਕਾਰ ਭਾਈਚਾਰੇ ਕਰੋਨਾ ਮਹਾਂਮਰੀ ਦੌਰਾਨ ਆਪਣੇ ਪਰਿਵਾਰ ਨੂੰ ਸੁਰੱਖਿਅਤ
ਮਹਿਸੂਸ ਕਰ ਸਕੇ।
ਉਨ੍ਹਾਂ ਕਿਹਾ ਐਸੋਸੀਏਸ਼ਨ ਦਾ ਇੱਕ ਵਫ਼ਦ ਜਲਦ ਹੀ ਇਸ ਸਬੰਧੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਜੈਦੀਪ ਦੇ ਪਰਿਵਾਰ ਦੀ ਮਦਦ ਲਈ ਆਵਾਜ਼ ਉਠਾਏਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੱਤਰਕਾਰ ਭਾਈਚਾਰੇ ਨੂੰ ਵੀ ਕਰੋਨਾ ਯੋਧਿਆਂ ਦੀ ਕੈਟਾਗਿਰੀ ਵਿਚ ਸ਼ਾਮਲ ਕਰਕੇ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ।ਉਨ੍ਹਾਂ ਕਿ ਪੱਤਰਕਾਰ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ। ਇਸ ਲਈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਕਰੋਨਾ ਮਹਾਂਮਰੀ ਦੌਰਾਨ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ।