ਡਿਜ਼ੀਟਲ ਮੀਡੀਆ ਐਸੋਸੀਏਸ਼ਨ ਵੱਲੋਂ ਸੀਨੀਅਰ ਫ਼ੋਟੋ ਜਰਨਲਿਸਟ ਸੰਤੋਖ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ
ਸੰਤੋਖ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਸਦਾ ਯਾਦ ਰਹਿਣਗੀਆਂ – ਦਵਿੰਦਰਜੀਤ ਸਿੰਘ ਦਰਸ਼ੀ
ਚੰਡੀਗੜ੍ਹ, 21 ਦਸੰਬਰ(ਵਿਸ਼ਵ ਵਾਰਤਾ)- ਡਿਜ਼ੀਟਲ ਮੀਡੀਆ ਐਸੋਸੀਏਸ਼ਨ ਵੱਲੋਂ ਸੀਨੀਅਰ ਫ਼ੋਟੋ ਜਰਨਲਿਸਟ ਸੰਤੋਖ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੱਤਰਕਾਰ ਭਾਈਚਾਰੇ ਵਿੱਚ ’ਤਾਇਆ ਜੀ’ ਵਜੋਂ ਜਾਣੇ ਜਾਂਦੇ ਸੰਤੋਖ ਸਿੰਘ (78) ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲ ਰਹੇ ਸਨ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਉਨ੍ਹਾਂ ਅੱਜ ਸਵੇਰੇ ਤੜਕੇ ਆਖ਼ਰੀ ਸਾਹ ਲਏ।ਵਿਸ਼ਵ ਵਾਰਤਾ ਅਦਾਰੇ ਦੇ ਸੰਸਥਾਪਕ ਅਤੇ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ ਨੇ ਸਰਦਾਰ ਸੰਤੋਖ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵੱਖ-ਵੱਖ ਅਖ਼ਬਾਰਾਂ ਵਿੱਚ ਬਤੌਰ ਫ਼ੋਟੋ ਜਰਨਲਿਸਟ ਲੰਮਾ ਸਮਾਂ ਨਿਭਾਈਆਂ ਸੇਵਾਵਾਂ ਅਤੇ ਉਨ੍ਹਾਂ ਦੇ ਨਿੱਘੇ ਸੁਭਾਅ ਤੇ ਰੂਹਦਾਰ ਸ਼ਖ਼ਸੀਅਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੀ ਜ਼ਿੰਦਗੀ ਸਖ਼ਤ ਮਿਹਨਤ ਕਰਕੇ ਨਾਮਣਾ ਖੱਟਣ ਵਾਲੇ ਸਰਦਾਰ ਸੰਤੋਖ ਸਿੰਘ ਪੱਤਰਕਾਰੀ ਦੀਆਂ ਅਗਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣੇ ਰਹਿਣਗੇ।
ਡਿਜ਼ੀਟਲ ਮੀਡੀਆ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ, ਸਰਪ੍ਰਸਤ-ਬਲਜੀਤ ਬੱਲੀ,ਚੇਅਰਮੈਨ-ਸਤਿੰਦਰ ਬੈਂਸ,ਵਾਇਸ ਪ੍ਰੈਜ਼ੀਡੈਂਟ-ਮਹਾਵੀਰ ਜੈਨ, ਸੀਨੀਅਰ ਮੀਤ ਪ੍ਰਧਾਨ-ਐਚ.ਐਸ.ਬਾਵਾ, ਜਨਰਲ ਸੈਕਟਰੀ-ਦਵਿੰਦਰ ਸਿੰਘ ਕੋਹਲੀ, ਸਕੱਤਰ ਤੇ ਖਜ਼ਾਨਚੀ-ਪਰਮਿੰਦਰ ਸਿੰਘ ਜੱਟਪੁਰੀ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਸਵਰਗੀ ਸੰਤੋਖ ਸਿੰਘ ਆਪਣੇ ਪਿੱਛੇ ਇੱਕ ਪੁੱਤਰ ਇੰਦਰਜੀਤ ਸਿੰਘ (ਸੀਨੀਅਰ ਕੈਮਰਾਮੈਨ) ਅਤੇ ਇੱਕ ਪੁੱਤਰੀ ਛੱਡ ਗਏ ਹਨ।