ਡਾ: ਸੇਨੂ ਦੁੱਗਲ ਵੱਲੋਂ ਅਬੋਹਰ ਦੇ ਵੱਖ ਵੱਖ ਵਿਕਾਸ ਪ੍ਰੋਜ਼ੈਕਟਾਂ ਦਾ ਜਾਇਜ਼ਾ
ਅਬੋਹਰ, 12 ਜਨਵਰੀ(ਵਿਸ਼ਵ ਵਾਰਤਾ)- ਡਿਪਟੀ ਕਮਿਸ਼ਨਰ ਫਾਜਿ਼ਲਕਾ ਕਮ ਕਮਿਸ਼ਨਰ ਨਗਰ ਨਿਗਮ ਅਬੋਹਰ ਡਾ: ਸੇਨੂ ਦੁੱਗਲ ਆਈਏਐਸ ਨੇ ਅਬੋਹਰ ਦੇ ਵੱਖ ਵੱਖ ਵਿਕਾਸ ਪ੍ਰੋਜ਼ੈਕਟਾਂ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜਾ ਲਿਆ। ਨਾਲ ਹੀ ਉਨ੍ਹਾਂ ਨੇ ਸ਼ਹਿਰ ਦੇ ਕੂੜਾ ਡੰਪ ਅਤੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦਾ ਵੀ ਦੌਰਾ ਕੀਤਾ।
ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿਚ ਆਭਾ ਸੁਕੇਅਰ, ਸਬ ਡਵੀਜਨਲ ਕੰਪਲੈਕਸ, ਕਮਿਉਨਿਟੀ ਹਾਲ ਦੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਪ੍ਰੋਜ਼ੈਕਟ ਤੈਅ ਸਮਾਂ ਹੱਦ ਅੰਦਰ ਪੂਰੇ ਕੀਤੇ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਪ੍ਰੋਜ਼ੈਕਟਾਂ ਦੇ ਨਿਰਮਾਣ ਵਿਚ ਉੱਚ ਗੁਣਵਤਾ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਨਿਰਮਾਣ ਕਾਰਜਾਂ ਵਿਚ ਜ਼ੇਕਰ ਕੋਈ ਉਣਤਾਈ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿਚ ਸਫਾਈ ਵਿਵਸਥਾ ਦੀ ਵੀ ਸਮੀਖਿਆ ਕੀਤੀ ਅਤੇ ਐਸਟੀਪੀ ਨੂੰ ਪ੍ਰਭਾਵੀ ਤਰੀਕੇ ਨਾਲ ਚਲਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਹਿਰ ਦੇ ਪੁਰਾਣੇ ਕੂੜੇ ਦੇ ਡੰਪ ਦਾ ਹੌਲੀ ਹੌਲੀ ਨਿਪਟਾਰਾ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ਨਵਾਂ ਸਾਲ ਸਵੱਛਤਾ ਮੁਹਿੰਮ ਵੀ ਆਰੰਭੀ ਗਈ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰ ਦੇ ਪੱਧਰ ਤੇ ਹੀ ਗਿੱਲੇ ਅਤੇ ਸੁੱਕੇ ਕੂੜੇ ਦਾ ਵਰਗੀਕਰਨ ਕਰਕੇ ਨਗਰ ਨਿਗਮ ਦੇ ਕੂੜਾ ਇੱਕਠਾ ਕਰਨ ਵਾਲੇ ਸਟਾਫ ਨੂੰ ਦੇਣ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਸ਼ਹਿਰ ਵਾਸੀ ਅਜਿਹਾ ਕਰਨ ਲੱਗਣ ਦਾ ਸ਼ਹਿਰ ਦੇ ਕੂੜੇ ਦੀ ਸੱਮਸਿਆ ਦਾ ਸਥਾਈ ਹੱਲ ਸੰਭਵ ਹੈ ਅਤੇ ਡੰਪ ਵਿਖੇ ਕੂੜੇ ਦੇ ਢੇਰ ਨਹੀਂ ਲੱਗਣਗੇ। ਉਨ੍ਹਾਂ ਨੇ ਕਿਹਾ ਕਿ ਬਾਜਾਰਾਂ ਵਿਚੋਂ ਨਜਾਇਜ ਕਬਜੇ ਹਟਾਉਣ ਦੀ ਮੁਹਿੰਮ ਜਾਰੀ ਰਹੇਗੀ ਅਤੇ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਦੁਕਾਨ ਦੇ ਅੰਦਰ ਹੀ ਰੱਖਣ ਕਿਉਂਕਿ ਸਮਾਨ ਬਾਹਰ ਫੁਟਪਾਥ ਦੀ ਥਾਂ ਤੇ ਰੱਖਣ ਨਾਲ ਰਾਹਗੀਰ ਪ੍ਰੇਸ਼ਾਨ ਹੁੰਦੇ ਹਨ।
ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਅਧਿਕਾਰੀ ਵੀ ਹਾਜਰ ਸਨ।