ਡਾ. ਬਲਜੀਤ ਕੌਰ ਅਤੇ ਡਾ. ਸੁਰਜੀਤ ਪਾਤਰ ਵੱਲੋਂ ਮਾਧਵੀ ਕਟਾਰੀਆ ਦਾ ਕਾਵਿ ਸੰਗ੍ਰਹਿ ‘ਅਣਦੇਖਤੀ ਆਂਖੇ’ ਲੋਕ-ਅਰਪਣ
ਵੱਡੀ ਗਿਣਤੀ ‘ਚ ਬੁੱਧੀਜੀਵੀ, ਲੇਖਕਾਂ ਅਤੇ ਕਵੀਆਂ ਨੇ ਕੀਤੀ ਸ਼ਿਰਕਤ
ਚੰਡੀਗੜ੍ਹ, 15 ਸਤੰਬਰ(ਵਿਸ਼ਵ ਵਾਰਤਾ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਪਦਮ ਸ੍ਰੀ ਡਾ. ਸੁਰਜੀਤ ਪਾਤਰ ਵੱਲੋਂ ਮਾਧਵੀ ਕਟਾਰੀਆ ਦਾ ਕਾਵਿ ਸੰਗ੍ਰਹਿ ‘ਅਣਦੇਖਤੀ ਆਂਖੇ’ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਸਮਾਗਮ ਦੀ ਸ਼ੁਰੂਆਤ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪੁਸਤਕ ਨੂੰ ਲੋਕ ਅਰਪਣ ਕੀਤੇ ਜਾਣ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ।
ਡਾ. ਬਲਜੀਤ ਕੌਰ ਨੇ ਕਿਹਾ ਕਿ ਚੰਗੀ ਕਵਿਤਾ ਤੁਹਾਡੇ ਹਿਰਦੇ ਤੱਕ ਅਸਰ ਕਰਨ ਦੇ ਕਾਬਿਲ ਹੁੰਦੀ ਹੈ ਅਤੇ ਸਾਡੇ ਮਨ ਦੇ ਵਲਵਲਿਆਂ ਵਿੱਚੋਂ ਨਿਕਲੇ ਗਹਿਰੇ ਵਿਚਾਰਾਂ ਦਾ ਪ੍ਰਗਟਾਵਾ ਹੁੰਦੀ ਹੈ। ਉਨ੍ਹਾਂ ਮਾਧਵੀ ਕਟਾਰੀਆ ਨੂੰ ਵਧਾਈ ਦਿੰਦਿਆ ਕਿਹਾ ਕਿ ਇਸ ਕਾਵਿ ਸੰਗ੍ਰਹਿ ਨੇ ਸਾਹਿਤ ਜਗਤ ਨੂੰ ਹੋਰ ਅਮੀਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਵਿ ਸੰਗ੍ਰਹਿ ਰੌਚਕਤਾ ਭਰਪੂਰ ਅਤੇ ਵਿਲੱਖਣ ਸ਼ੈਲੀ ਵਿੱਚ ਲਿਖਿਆ ਗਿਆ ਹੈ ਜੋ ਲੋਕਾਂ ਦੇ ਜੀਵਨ ਤੇ ਗਹਿਰਾ ਪ੍ਰਭਾਵ ਪਾਵੇਗਾ।
ਕੈਬਨਿਟ ਮੰਤਰੀ ਨੇ ਕਵਿਤਰੀ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਹ ਉਪਰਾਲਾ ਪ੍ਰਸ਼ੰਸਾਯੋਗ ਹੈ ਅਤੇ ਪਾਠਕਾਂ ਨੂੰ ਇਹ ਕਿਤਾਬ ਸਾਕਾਰਾਤਮਕ ਊਰਜਾ ਨਾਲ ਭਰਨ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਹ ਵਿਭਾਗੀ ਕੰਮਾਂ ਵਿੱਚ ਵੀ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਹਨ ਤੇ ਇਹ ਲੋਕ ਪੱਖੀ ਆਵਾਜ਼ ਇਹਨਾਂ ਦੀਆਂ ਕਵਿਤਾਵਾਂ ਵਿੱਚ ਵੀ ਸਾਫ਼ ਤੌਰ ਤੇ ਉਭਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸੋਸ਼ਲ ਮੀਡੀਆ ਦੌਰ ਵਿੱਚ ਵੀ ਕਿਤਾਬਾਂ ਦੀ ਸਾਰਥਕਤਾ ਬਣੀ ਹੋਈ ਹੈ ਅਤੇ ਜਿਹੜੀਆਂ ਕਿਤਾਬਾਂ ਹਰ ਉਮਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਲਿਖੀਆਂ ਜਾਂਦੀਆਂ ਹਨ, ਉਹ ਪਾਠਕਾਂ ਦੀ ਕਸਵੱਟੀ ਉੱਪਰ ਖਰੀਆਂ ਉੱਤਰਨ ਦੇ ਨਾਲ-ਨਾਲ ਲੋਕਾਂ ਵਿਚ ਵਧੇਰੇ ਮਕਬੂਲ ਵੀ ਹੁੰਦੀਆਂ ਹਨ।
ਜ਼ਿਕਰਯੋਗ ਹੈ ਕਿ ਮਾਧਵੀ ਕਟਾਰੀਆ, ਆਈ.ਏ.ਐਸ. ਪੰਜਾਬ ਸਰਕਾਰ ਵਿਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਹਨ।
ਇਸ ਮੌਕੇ ਵੱਡੀ ਗਿਣਤੀ ‘ਚ ਬੁੱਧੀਜੀਵੀ, ਲੇਖਕਾਂ, ਕਵੀਆਂ ਨੇ ਸ਼ਿਰਕਤ ਕੀਤੀ।