ਡਲਿਵਰੀ ਬੁਆਏ ਨੇ ਕੁੱਤੇ ਤੋਂ ਬਚਣ ਲਈ ਮਾਰੀ ਤੀਸਰੀ ਮੰਜ਼ਿਲ ਤੋਂ ਛਾਲ,ਗੰਭੀਰ ਜਖਮੀ, ਮਾਲਕਣ ਖਿਲਾਫ ਕੇਸ ਦਰਜ
ਚੰਡੀਗੜ੍ਹ 14 ਜਨਵਰੀ(ਵਿਸ਼ਵ ਵਾਰਤਾ)- ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁੱਤੇ ਦੇ ਹਮਲੇ ਤੋਂ ਬਚਣ ਲਈ ਫੂਡ ਡਿਲੀਵਰੀ ਬੁਆਏ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਸਮੇਂ ਉਹ NIMS ਹਸਪਤਾਲ ਵਿੱਚ ਦਾਖਲ ਹੈ। ਪੁਲੀਸ ਨੇ ਕੁੱਤੇ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹੋਰ ਜਾਣਕਾਰੀ ਅਨੁਸਾਰ ਇਹ ਪੂਰਾ ਮਾਮਲਾ ਮਾਮਲਾ 11 ਜਨਵਰੀ ਦੀ ਰਾਤ ਦਾ ਹੈ। ਹੈਦਰਾਬਾਦ ਦੇ ਬੰਜਾਰਾ ਹਿਲਜ਼ ਇਲਾਕੇ ਦੀ ਰਹਿਣ ਵਾਲੀ ਸ਼ੋਭਨਾ ਨੇ ਫੂਡ ਡਲਿਵਰੀ ਐਪ ਸਵਿਗੀ ਤੋਂ ਖਾਣਾ ਮੰਗਵਾਇਆ ਸੀ। ਡਿਲਿਵਰੀ ਬੁਆਏ ਰਿਜ਼ਵਾਨ ਖਾਣਾ ਲੈ ਕੇ ਦਿੱਤੇ ਪਤੇ ‘ਤੇ ਪਹੁੰਚ ਗਿਆ। ਜਦੋਂ ਰਿਜ਼ਵਾਨ ਸ਼ੋਭਨਾ ਨੂੰ ਪਾਰਸਲ ਪਹੁੰਚਾ ਰਿਹਾ ਸੀ ਤਾਂ ਉਸ ਦੇ ਪਾਲਤੂ ਜਰਮਨ ਸ਼ੈਫਰਡ ਕੁੱਤੇ ਨੇ ਡਿਲੀਵਰੀ ਬੁਆਏ ‘ਤੇ ਹਮਲਾ ਕਰ ਦਿੱਤਾ। ਰਿਜ਼ਵਾਨ ਕੁੱਤੇ ਦੇ ਹਮਲੇ ਤੋਂ ਬਚਣ ਲਈ ਛੱਤ ਵੱਲ ਭੱਜਿਆ ਪਰ ਡੌਗੀ ਵੀ ਉਸ ਦਾ ਪਿੱਛਾ ਕਰਦੇ ਤੀਸਰੀ ਮੰਜ਼ਿਲ ਦੀ ਛੱਤ ‘ਤੇ ਗਿਆ।ਰਿਜ਼ਵਾਨ ਦੀ ਮਦਦ ਲਈ ਸ਼ੋਭਨਾ ਨੇ ਗੁਆਂਢੀਆਂ ਨੂੰ ਬੁਲਾਇਆ ਅਤੇ ਖੁਦ ਕੁੱਤੇ ਦੇ ਪਿੱਛੇ ਭੱਜੀ। ਪਰ ਜਦੋਂ ਤੱਕ ਸ਼ੋਭਨਾ ਛੱਤ ‘ਤੇ ਪਹੁੰਚੀ, ਡਲਿਵਰੀ ਬੁਆਏ ਨੇ ਕੁੱਤੇ ਤੋਂ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਉਸ ਨੂੰ ਇਲਾਜ ਲਈ ਨਿਮਸ ਵਿੱਚ ਭਰਤੀ ਕਰਵਾਇਆ ਗਿਆ ਹੈ। ਉਹ ਅਜੇ ਵੀ ਬੇਹੋਸ਼ ਹੈ, ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੂਜੇ ਪਾਸੇ ਰਿਜ਼ਵਾਨ ਦੇ ਭਰਾ ਮੁਹੰਮਦ ਖਾਜਾ ਨੇ 12 ਜਨਵਰੀ ਨੂੰ ਸ਼ੋਭਨਾ ਦੇ ਖਿਲਾਫ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਤਹਿਰੀਰ ਦੇ ਆਧਾਰ ‘ਤੇ ਪੁਲਸ ਨੇ ਖਾਣਾ ਮੰਗਵਾਉਣ ਵਾਲੀ ਔਰਤ ਦੇ ਖਿਲਾਫ ਧਾਰਾ 336 (ਲਾਪਰਵਾਹੀ ਕਾਰਨ ਜ਼ਖਮੀ) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।























