ਡਰੱਗ ਮਾਮਲਾ- ਬਿਕਰਮ ਮਜੀਠੀਆ SIT ਅੱਗੇ ਹੋਏ ਪੇਸ਼
ਚੱਲ ਰਹੀ ਹੈ ਪੁੱਛਗਿੱਛ -ਹੋ ਸਕਦੀ ਹੈ ਗ੍ਰਿਫਤਾਰੀ !
ਚੰਡੀਗੜ੍ਹ,30ਦਸੰਬਰ(ਵਿਸ਼ਵ ਵਾਰਤਾ)- ਡਰੱਗ ਮਾਮਲੇ ਵਿੱਚ SIT ਦੇ ਨੋਟਿਸ ਤੋਂ ਬਾਅਦ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪਟਿਆਲਾ ਪਹੁੰਚੇ ਹਨ,ਉਹਨਾਂ ਤੋਂ ਡਰੱਗ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਦਸ ਦਿਨਾਂ ਵਿੱਚ ਐਸਆਈਟੀ ਵੱਲੋਂ ਜਾਰੀ ਤੀਜੇ ਨੋਟਿਸ ਤੋਂ ਬਾਅਦ ਮਜੀਠੀਆ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਹੈ।
ਗੌਰਤਲਬ ਹੈ ਕਿ 18 ਦਸੰਬਰ ਨੂੰ ਐਸਆਈਟੀ ਸਾਹਮਣੇ ਪੇਸ਼ ਹੋਏ ਮਜੀਠੀਆ ਤੋਂ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ ਅਤੇ ਉਸ ਤੋਂ ਕੁਝ ਜਵਾਬ ਮੰਗੇ ਗਏ, ਦਸਤਾਵੇਜ਼ਾਂ ਦੀ ਘਾਟ ਕਾਰਨ ਉਨ੍ਹਾਂ ਨੇ 27 ਦਸੰਬਰ ਨੂੰ ਪੇਸ਼ੀ ਤੋਂ ਛੋਟ ਮੰਗੀ। ਦੂਜੇ ਪਾਸੇ ਐਸਆਈਟੀ ਦੇ ਮੁਖੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਜੋ ਕਿ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ, ਇਸ ਕੇਸ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ‘ਚ ਮਜੀਠੀਆ ਦੀ ਗ੍ਰਿਫਤਾਰੀ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਨੂੰ ਪਿਆਰ ਕਰਨ ਵਾਲੇ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਅਕਤੀ ਹਨ। ਜ਼ਿਕਰਯੋਗ ਹੈ ਕਿ ਪੁਲੀਸ ਨੇ 20 ਦਸੰਬਰ 2021 ਨੂੰ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਸੀ ਪਰ ਅਦਾਲਤ ਵੱਲੋਂ ਉਸ ਦੀ ਗ੍ਰਿਫ਼ਤਾਰੀ ਦੋ ਮਹੀਨਿਆਂ ਲਈ ਟਾਲ ਦਿੱਤੀ ਗਈ ਸੀ। 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ।