ਟੀ-20 ਵਿਸ਼ਵ ਕੱਪ
ਸੁਪਰ-12 ਦੇ ਪਹਿਲੇ ਮੈਚ ਵਿੱਚ ਨਿਊਜ਼ਲੈਂਡ ਨੇ ਮੇਜ਼ਬਾਨ ਆਸਟਰੇਲੀਆ ਨੂੰ 89 ਦੌੜਾਂ ਨਾਲ ਦਿੱਤੀ ਮਾਤ
ਚੰਡੀਗੜ੍ਹ 22 ਅਕਤੂਬਰ(ਵਿਸ਼ਵ ਵਾਰਤਾ)- ਟੀ-20 ਵਿਸ਼ਵ ਕੱਪ ‘ਚ ਸੁਪਰ-12 ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨੂੰ 89 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਆਸਟਰੇਲੀਆ ਦੇ ਸਾਹਮਣੇ ਜਿੱਤ ਲਈ 201 ਦੌੜਾਂ ਦਾ ਟੀਚਾ ਰੱਖਿਆ ਸੀ।ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਨੇ ਸਭ ਤੋਂ ਵੱਧ 92 ਦੌੜਾਂ ਦੀ ਪਾਰੀ ਖੇਡੀ। ਫਿਨ ਐਲਨ ਨੇ 16 ਗੇਂਦਾਂ ‘ਤੇ 42 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਵਾਬ ‘ਚ ਆਸਟ੍ਰੇਲੀਆ ਦੀ ਪਾਰੀ ਫਿੱਕੀ ਪੈ ਗਈ। ਟਿਮ ਸਾਊਦੀ ਨੇ 5 ਦੌੜਾਂ ਦੇ ਸਕੋਰ ‘ਤੇ ਡੇਵਿਡ ਵਾਰਨਰ ਨੂੰ ਬੋਲਡ ਕਰਕੇ ਕੰਗਾਰੂਆਂ ਨੂੰ ਪਹਿਲਾ ਝਟਕਾ ਦਿੱਤਾ। ਆਰੋਨ ਫਿੰਚ 13 ਦੌੜਾਂ ਬਣਾ ਕੇ ਮਿਸ਼ੇਲ ਸੈਂਟਨਰ ਦੀ ਗੇਂਦ ‘ਤੇ ਕਪਤਾਨ ਵਿਲੀਅਮਸਨ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਮਿਸ਼ੇਲ ਮਾਰਸ਼ ਵੀ ਜ਼ਿਆਦਾ ਕੁਝ ਨਾ ਕਰ ਸਕੇ ਅਤੇ 12 ਗੇਂਦਾਂ ‘ਚ 16 ਦੌੜਾਂ ਬਣਾ ਕੇ ਸਾਊਦੀ ਦੀ ਗੇਂਦ ‘ਤੇ ਜੇਮਸ ਨੀਸ਼ਾਮ ਦੇ ਹੱਥੋਂ ਕੈਚ ਆਊਟ ਹੋ ਗਏ। ਸੈਂਟਨਰ ਨੇ ਮਾਰਕਸ ਸਟੋਇਨਿਸ ਅਤੇ ਟਿਮ ਡੇਵਿਡ ਦੀਆਂ ਵਿਕਟਾਂ ਵੀ ਲਈਆਂ। ਗਲੇਨ ਮੈਕਸਵੈੱਲ 20 ਗੇਂਦਾਂ ‘ਤੇ 28 ਦੌੜਾਂ ਬਣਾ ਕੇ ਈਸ਼ ਸੋਢੀ ਦੇ ਹੱਥੋਂ ਬੋਲਡ ਹੋ ਗਿਆ। ਟੀਚੇ ਦਾ ਪਿੱਛਾ ਕਰਦੀ ਹੋਈ ਆਸਟਰੇਲੀਆ ਦੀ ਸਾਰੀ ਟੀਮ 111 ਦੌੜਾਂ ਤੇ ਢੇਰ ਹੋ ਗਈ ।