ਟੀ-20 ਟ੍ਰਾਈ ਸੀਰੀਜ਼ ਦੇ ਫਾਇਨਲ ‘ਚ ਅੱਜ ਸਾਊਥ ਅਫਰੀਕਾ ਨਾਲ ਭਿੜੇਗੀ ਭਾਰਤੀ ਮਹਿਲਾ ਟੀਮ
ਚੰਡੀਗੜ੍ਹ, 2 ਫਰਵਰੀ (ਵਿਸ਼ਵ ਵਾਰਤਾ) : ਮਹਿਲਾ ਕ੍ਰਿਕਟ ਵਿਚ ਭਾਰਤ, ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਤਿਕੋਣੀ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਵਿੱਚ ਅੱਜ ਫਾਈਨਲ ਮੈਚ ਵਿੱਚ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਿਛਲੇ ਮੈਚ ਵਿੱਚ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਇਹ ਮੈਚ ਈਸਟ ਲੰਡਨ ‘ਚ ਖੇਡਿਆ ਜਾਵੇਗਾ। ਵੈਸਟਇੰਡੀਜ਼ ਖਿਲਾਫ ਖੇਡੇ ਗਏ ਮੈਚ ‘ਚ ਭਾਰਤ ਲਈ ਹਰਮਨਪ੍ਰੀਤ ਅਤੇ ਜੇਮਿਮਾ ਰੋਡਰਿਗਜ਼ ਨੇ ਸ਼ਾਨਦਾਰ ਪਾਰੀ ਖੇਡੀ। ਜਦਕਿ ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ।
ਤੁਹਾਨੂੰ ਦੱਸ ਦੇਈਏ ਕਿ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 95 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ‘ਚ ਭਾਰਤ ਨੇ 13.5 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਭਾਰਤ ਲਈ ਸਮ੍ਰਿਤੀ ਮੰਧਾਨਾ ਅਤੇ ਜੇਮਿਮਾ ਰੌਡਰਿਗਜ਼ ਓਪਨਿੰਗ ਕਰਨ ਆਈਆਂ। ਮੰਧਾਨਾ ਸਿਰਫ਼ 5 ਦੌੜਾਂ ਬਣਾ ਕੇ ਆਊਟ ਹੋ ਗਈ। ਜਦਕਿ ਜੇਮਿਮਾ ਨੇ 39 ਗੇਂਦਾਂ ਦਾ ਸਾਹਮਣਾ ਕਰਦਿਆਂ ਅਜੇਤੂ 42 ਦੌੜਾਂ ਬਣਾਈਆਂ। ਉਸ ਨੇ 5 ਚੌਕੇ ਵੀ ਲਗਾਏ। ਹਰਲੀਨ ਦਿਓਲ 13 ਦੌੜਾਂ ਬਣਾ ਕੇ ਆਊਟ ਹੋ ਗਈ। ਹਰਮਨਪ੍ਰੀਤ ਕੌਰ ਨੇ ਕਪਤਾਨੀ ਦੀ ਪਾਰੀ ਖੇਡੀ। ਉਸ ਨੇ 23 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਅਜੇਤੂ 32 ਦੌੜਾਂ ਬਣਾਈਆਂ। ਉਸ ਨੇ 4 ਚੌਕੇ ਵੀ ਲਗਾਏ।