ਟਿਕਰੀ ਬਾਰਡਰ ਤੋਂ ਟ੍ਰੈਕਟਰਾਂ ਦੇ ਦੋ ਕਾਫਲਾ ਮਾਰਚ ਕੂਚ ਕੀਤੇ ਕੁੰਡਲੀ ਅਤੇ ਸਿੰਘੂ ਬਾਰਡਰਾਂ ਵੱਲ
ਦਿੱਲੀ 7 ਜਨਵਰੀ( ਵਿਸ਼ਵ ਵਾਰਤਾ ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ਮੁਤਾਬਕ ਅੱਜ ਟ੍ਰੈਕਟਰਾਂ ਦੇ ਦੋ ਕਾਫਲਾ ਮਾਰਚ ਕੁੰਡਲੀ ਅਤੇ ਸਿੰਘੂ ਬਾਰਡਰਾਂ ਵੱਲ ਕੂਚ ਕੀਤੇ ਗਏ। ਇਹ ਜਾਣਕਾਰੀ ਦਿੰਦੇ ਹੋਏ ਸੂਬਾਈ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਜੋਗਿੰਦਰ ਸਿੰਘ ਉਗਰਾਹਾਂ/ ਸ਼ਿੰਗਾਰਾ ਸਿੰਘ ਮਾਨ ਅਤੇ ਝੰਡਾ ਸਿੰਘ ਜੇਠੂਕੇ/ਹਰਿੰਦਰ ਕੌਰ ਬਿੰਦੂ ਦੀ ਵੱਖ ਵੱਖ ਅਗਵਾਈ ਹੇਠਾਂ 5-5 ਸੌ ਤੋਂ ਵਧੇਰੇ ਟ੍ਰੈਕਟਰਾਂ ਦੇ ਇਹਨਾਂ ਕਾਫਲਿਆਂ ਨਾਲ ਸੈਂਕੜੇ ਹਰਿਆਣਵੀ ਟ੍ਰੈਕਟਰਾਂ ਦੇ ਰਲਣ ਨਾਲ ਕਈ ਕਈ ਕਿਲੋਮੀਟਰ ਲੰਮੀਆਂ ਲਾਈਨਾਂ ਲੱਗ ਗਈਆਂ ਤੇ ਘੰਟਿਆਂ ਬੱਧੀ ਟ੍ਰੈਫਿਕ ਜਾਮ ਵੀ ਲੱਗੇ । ਕਾਰਪੋਰੇਟ ਹਿਤਾਂ ਨੂੰ ਮੁੱਖ ਰੱਖ ਕੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਤੋਂ ਘੇਸਲ ਵੱਟੀ ਬੈਠੀ ਮੋਦੀ ਹਕੂਮਤ ਲਈ ਇੱਕ ਹੋਰ ਕੜਕਵੀਂ ਵੰਗਾਰ ਬਣ ਗਏ ਇਹ ਟ੍ਰੈਕਟਰ ਮਾਰਚ, ਜਿਹੜੇ ਕਿ 26 ਜਨਵਰੀ ਦਾ ਟ੍ਰੇਲਰ ਮਾਤਰ ਹੀ ਸਨ। ਅੱਜ ਵੀ ਪਕੌੜਾ ਚੌਕ ਵਿੱਚ ਹੋਈ ਧਰਨਾਕਾਰੀਆਂ ਦੀ ਵਿਸ਼ਾਲ ਰੈਲੀ ਨੂੰ ਹਰਪ੍ਰੀਤ ਕੌਰ ਜੇਠੂਕੇ,ਰਾਮ ਸਿੰਘ ਭੈਣੀਬਾਘਾ, ਬਸੰਤ ਸਿੰਘ ਕੋਠਾਗੁਰੂ, ਸੁਦਾਗਰ ਸਿੰਘ ਘੁਡਾਣੀ, ਗੁਰਚਰਨ ਸਿੰਘ ਲਹਿਰਾ ਨੇ ਸੰਬੋਧਨ ਕੀਤਾ। ਗਹਿਗੱਡਵੇਂ ਕਿਸਾਨ ਮੋਰਚੇ ਨੂੰ ਅਣਡਿੱਠ ਕਰਕੇ ਦਰਜਨਾਂ ਕਿਸਾਨਾਂ ਦੀਆਂ ਸ਼ਹੀਦੀਆਂ ਲਈ ਜ਼ਿੰਮੇਵਾਰ ਮੋਦੀ ਹਕੂਮਤ ਦੀ ਸਖ਼ਤ ਨਿਖੇਧੀ ਕਰਦਿਆਂ ਘੋਲ਼ ਨੂੰ ਹੋਰ ਵਿਸ਼ਾਲ ਤੇ ਪ੍ਰਚੰਡ ਕਰਨ ਦਾ ਸੱਦਾ ਦਿੱਤਾ ।