ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ 2 ਡੀਐਫਐਸਸੀ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਜੀਲੈਂਸ ਅਤੇ ਫੂਡ ਸਪਲਾਈ ਵਿਭਾਗ ਆਹਮੋ-ਸਾਹਮਣੇ
ਖਰੀਦ ਏਜੰਸੀਆਂ ਵੱਲੋਂ ਹੜਤਾਲ ਦਾ ਐਲਾਨ
ਚੰਡੀਗੜ੍ਹ 24 ਨਵੰਬਰ(ਵਿਸ਼ਵ ਵਾਰਤਾ)- ਵਿਜੀਲੈਂਸ ਨੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਰਿਸ਼ਵਤ ਲੈਣ ਦੈ ਇਲਜ਼ਾਮਾਂ ਹੇਠ ਦੋ ਡੀਐਫਐਸਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਪੰਜਾਬ ਫੂਡ ਸਪਲਾਈ ਅਤੇ ਵਿਜੀਲੈਂਸ ਆਹਮੋ-ਸਾਹਮਣੇ ਆ ਗਏ ਹਨ। ਪੰਜਾਬ ਦੀਆਂ ਸਾਰੀਆਂ ਖਰੀਦ ਏਜੰਸੀਆਂ ਨੇ ਵਿਜੀਲੈਂਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਖਰੀਦ ਏਜੰਸੀਆਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅੱਜ ਪਨਸਪ, ਮਾਰਕਫੈੱਡ, ਪਨਗ੍ਰੇਨ, ਵੇਅਰਹਾਊਸਿੰਗ ਸਮੇਤ ਖਰੀਦ ਏਜੰਸੀਆਂ ਦੇ ਕਰਮਚਾਰੀ ਅਤੇ ਅਧਿਕਾਰੀ ਚੰਡੀਗੜ੍ਹ ਲਈ ਰਵਾਨਾ ਹੋਣਗੇ। ਜਿੱਥੇ ਸਾਰੇ ਵਿਜੀਲੈਂਸ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। ਦੋਵਾਂ ਗ੍ਰਿਫ਼ਤਾਰ ਕੀਤੇ ਡੀਐਫਐਸਸੀ ਨੂੰ ਬੀਤੇ ਕੱਲ੍ਹ ਅਦਾਲਤ ਵਿੱਚ ਪੇਸ਼ ਕਰਕੇ ਵਿਜੀਲੈਂਸ ਨੇ 3 ਦਿਨ ਦਾ ਰਿਮਾਂਡ ਮੰਗਿਆ ਸੀ। ਅਦਾਲਤ ਨੇ ਸੁਣਵਾਈ ਤੋਂ ਬਾਅਦ ਉਹਨਾਂ ਦਾ 2 ਦਿਨ ਦਾ ਰਿਮਾਂਡ ਮਨਜ਼ੂਰ ਕਰ ਲਿਆ ਹੈ।ਗ੍ਰਿਫਤਾਰ ਕੀਤੇ ਡੀਐਫਐਸਸੀ ਸੁਖਵਿੰਦਰ ਸਿੰਘ ਗਿੱਲ ਮੌਜੂਦਾ ਡੀਐਫਐਸਸੀ ਲੁਧਿਆਣਾ ਵੈਸਟ ਅਤੇ ਹਰਵੀਨ ਕੌਰ ਮੌਜੂਦਾ ਡੀਐਫਐਸਸੀ ਲੁਧਿਆਣਾ ਪੂਰਬੀ ਹੈ। ਇਸ ਸਮੇਂ ਸੁਖਵਿੰਦਰ ਸਿੰਘ ਗਿੱਲ ਡੀਐਫਐਸਸੀ ਫਰੀਦਕੋਟ ਅਤੇ ਹਰਵੀਨ ਕੌਰ ਡੀਐਫਐਸਸੀ ਜਲੰਧਰ ਵਿਖੇ ਤਾਇਨਾਤ ਸਨ। ਵਿਜੀਲੈਂਸ ਲਗਾਤਾਰ ਦੋਵਾਂ ਤੋਂ ਪੁੱਛਗਿੱਛ ‘ਚ ਜੁਟੀ ਹੋਈ ਹੈ।























