ਟਕਸਾਲੀ ਆਗੂ ਮਨਜੀਤ ਸਿੰਘ ਰਾਏਕੋਟ ‘ਆਪ’ ’ਚ ਹੋਏ ਸ਼ਾਮਲ
-ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਨੇ ਰਾਏਕੋਟ ਅਤੇ ਸਾਥੀਆਂ ਦਾ ਕੀਤਾ ਸਵਾਗਤ
ਲੁਧਿਆਣਾ 13 ਅਗਸਤ : ਆਮ ਆਦਮੀ ਪਾਰਟੀ (ਆਪ ) ਪੰਜਾਬ ਨੂੰ ਲੁਧਿਆਣਾ ਜ਼ਿਲ੍ਹੇ ’ਚ ਹੋਰ ਮਜ਼ਬੂਤੀ ਦਿੰਦਿਆਂ ਟਕਸਾਲੀ ਅਕਾਲੀ ਆਗੂ ਮਨਜੀਤ ਸਿੰਘ ਰਾਏਕੋਟ ਅਤੇ ਨਗਰ ਕੌਸਲ ਰਾਏਕੋਟ ਦੇ ਤਿੰਨ ਵਾਰ ਮੀਤ ਪ੍ਰਧਾਨ ਰਹੇ ਮੁਲਖ ਰਾਜ ਸਿੰਘ ਆਪਣੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ। ‘ਆਪ’ ਵੱਲੋਂ ਜਾਰੀ ਬਿਆਨ ਅਨੁਸਾਰ ਮਨਜੀਤ ਸਿੰਘ ਰਾਏਕੋਟ ਨੂੰ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਮੀਤ ਹੇਅਰ ਨੇ ਰਸਮੀ ਤੌਰ ’ਤੇ ਪਾਰਟੀ ’ਚ ਸ਼ਮੂਲੀਅਤ ਕਰਵਾਈ।
ਮਨਜੀਤ ਸਿੰਘ ਰਾਏਕੋਟ ਸ਼੍ਰੋਮਣੀ ਅਕਾਲੀ ਦਲ (ਬਾਦਲ )ਦੇ ਸ਼ਹਿਰੀ ਪ੍ਰਧਾਨ, ਬਲਾਕ ਪ੍ਰਧਾਨ ਅਤੇ ਕੌਮੀ ਉਪ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਪਿਛਲੇ ਕੁੱਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਕੌਮੀ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਜ਼ਿੰਮੇਵਾਰੀ ਨਿਭਾਅ ਰਹੇ ਸਨ।
ਇਸੇ ਤਰ੍ਹਾਂ ਮੁਲਖ ਰਾਜ ਸਿੰਘ ਆਪਣੇ ਵਿਦਿਆਰਥੀ ਜੀਵਨ ਤੋਂ ਰਾਜਨੀਤੀ ’ਚ ਸਰਗਰਮ ਰਹੇ ਅਤੇ ਕਾਲਜ ਦੇ ਪ੍ਰਧਾਨ ਬਣੇ। ਮੁਲਖ ਰਾਜ ਸਿੰਘ ਨੇ 1998 ’ਚ ਅਕਾਲੀ ਦਲ ਬਾਦਲ ਵੱਲੋਂ ਨਗਰ ਕੌਂਸਲ ਰਾਏਕੋਟ ’ਚ ਕੌਸਲਰ ਦੀ ਚੋਣ ਜਿੱਤੀ ਅਤੇ 2008 ਅਤੇ 2015 ’ਚ ਵੀ ਕੌਸਲਰ ਬਣੇ ਅਤੇ ਤਿੰਨ ਵਾਰ ਨਗਰ ਕੌਂਸਲ ਰਾਏਕੋਟ ਦੇ ਮੀਤ ਪ੍ਰਧਾਨ ਵੀ ਰਹੇ।
ਮਨਜੀਤ ਸਿੰਘ ਰਾਏਕੋਟ ਨਾਲ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਕੈਲੇ, ਕੌਮੀ ਸੰਯੁਕਤ ਸਕੱਤਰ ਤੇਜਿੰਦਰ ਸਿੰਘ, ਸਥਾਨਕ ਆਗੂ ਮਨਜਿੰਦਰ ਸਿੰਘ, ਸਤਵੀਰ ਸਿੰਘ, ਮੋਹਣੀ ਅਤੇ ਯੂਥ ਆਗੂ ਜੋਤੀ ਰਾਏਕੋਟ ਅਤੇ ਹੋਰ ਸਾਥੀਆਂ ਨੇ ਵੀ ‘ਆਪ’ਦਾ ਪੱਲਾ ਫੜਿਆ।