ਝੋਨੇ ਦੀ ਸਿੱਧੀ ਬਿਜਾਈ ਕਰੋ ਅਤੇ ਜ਼ਮੀਨ ਹੇਠਲਾ ਪਾਣੀ ਬਚਾਓ : ਡਾ ਭਰੋਤ
ਕਪੂਰਥਲਾ, 11 ਜੂਨ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਕਪੂਰਥਲਾ, ਪਿੰਡ ਭੀਲਾ ਵਿਖੇ ਸਿੱਧੀ ਬਿਜਾਈ ਦੀ ਸੋਧੀ ਹੋਈ ਵਿਲੱਖਣ ਤਕਨੀਕ “ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ” ਜਿਸ ਵਿੱਚ ਪਹਿਲਾ ਪਾਣੀ ਬਿਜਾਈ ਤੋਂ 21 ਦਿਨਾਂ ਬਾਅਦ ਲਾਇਆ ਜਾਂਦਾ ਹੈ, ਨੂੰ ਅਪਨਾਉਣ ਸਬੰਧੀ ਕਿਸਾਨ ਜਾਗਕੂਕਤਾ ਕੈਂਪ ਲਗਾਇਆ ਗਿਆ।ਡਾ. ਐਚ.ਪੀ ਐਸ ਭਰੋਤ,ਬਲਾਕ ਖੇਤੀਬਾੜੀ ਅਫ਼ਸਰ ਕਪੂਰਥਲਾ ਵੱਲੋਂ ਕੈਂਪ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆ ਅਪੀਲ ਕੀਤੀ ਕਿ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਬਚਾਉਣ ਅਤੇ ਰੀਚਾਰਜ਼ ਕਰਨ ਦੇ ਮੰਤਵ ਲਈ ਝੋਨੇ ਦੀ ਸਿੱਧੀ ਬਿਜਾਈ ਹੇਠ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ।
ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਨ ਲਈ ਕਿਸਾਨ ਵੀਰ ਲਿੰਕ ਖੋਲਕੇ ਆਪਣਾ ਆਧਾਰ ਨੰਬਰ ਭਰਨਗੇ ਅਤੇ ਆਪਣੇ ਪਿੰਡ ਦਾ ਨਾਮ ਚੁਣਨਗੇ। ਉਸ ਉਪਰੰਤ ਜਿਹੜੇ ਖੇਤਾਂ ਵਿੱਚ ਸਿੱਧੀ ਬਿਜਾਈ ਕਰਨੀ ਹੈ ਉਸਦਾ ਖੇਵਟ/ਖਸਰਾ ਨੰਬਰ ਭਰਨਗੇ ਅਤੇ ਸਬਮਿਟ ਕਰਨ ਲਈ ਕਲਿੱਕ ਕਰਨਗੇ। ਕਾਸ਼ਤਕਾਰ ਕਿਸਾਨ ਆਪਣੀ ਦਿੱਤੀ ਗਈ ਜਾਣਕਾਰੀ ਵਿੱਚ 30 ਜੂਨ 2022 ਤੱਕ ਐਡਿਟ/ਤਬਦੀਲ ਕਰ ਸਕਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਸਾਲ 2022-23 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/- ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾ ਰਹੀ ਹੈ।ਉਨ੍ਹਾਂ ਹਾਜ਼ਰ ਕਿਸਾਨਾਂ ਨੂੰ ਕਿਹਾ ਕਿ ਰਜ਼ਿਸਟਰੇਸ਼ਨ ਕਰਨ ਸਮੇਂ ਜੇਕਰ
ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਰਿਕਾਰਡ ਲੈ ਕੇ ਬਲਾਕ ਦਫ਼ਤਰ ਨਾਲ ਰਜਿਸਟਰੇਸ਼ਨ ਕਰਨ ਸਬੰਧੀ ਰਾਬਤਾ ਕਾਇਮ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਪਾਸ 50% ਉਪਦਾਨ ਤੇ ਜਿਪਸਮ ਉਪਲੱਬਧ ਹੈ ਤੇ ਜਿਸ ਵੀ ਕਿਸਾਨਾਂ ਨੂੰ ਜਿਪਸਮ ਦੀ ਲੋੜ ਹੋਵੇ ਤਾਂ ਉਹ ਫਾਰਮ ਭਰਕੇ ਜਿਪਸਮ ਪ੍ਰਾਪਤ ਕਰ ਸਕਦੇ ਹਨ।
ਕੈਂਪ ਵਿੱਚ ਹਾਜ਼ਰ ਡਾ.ਪ੍ਰਦੀਪ ਕੁਮਾਰ, ਇੰਚਾਰਜ਼ ਫਾਰਮ ਸਲਾਹਕਾਰ ਕੇਂਦਰ ਕਪੂਰਥਲਾ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੱਸਿਆ ਕਿ ਕਿਸਾਨ ਪਰਮਜੀਤ ਸਿੰਘ ਨੂੰ ਬਿਜਾਈ ਸੀਡ ਡਰਿੱਲ ਮੁਹੱਈਆਂ ਕਰਵਾਈ ਗਈ ਸੀ ਜਿਸ ਰਾਂਹੀ ਉਸ ਵੱਲੋਂ ਪਿੰਡ ਭੀਲਾ ਵਿਖੇ ਸ: ਬਿਕਰਮਜੀਤ ਸਿੰਘ ਦੇ ਖੇਤਾਂ ਵਿੱਚ 6 ਏਕੜ ਅਤੇ ਪਿੰਡ ਇਬਰਾਹੀਮਵਾਲ ਵਿਖੇ 19 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ।
ਡਾ. ਮਨਪ੍ਰੀਤ ਕੌਰ, ਬਾਗਬਾਨੀ ਵਿਕਾਸ ਅਫ਼ਸਰ ਕਪੂਰਥਲਾ ਬਗਬਾਨ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਕੈਂਪ ਨੂੰ ਕਾਮਯਾਬ ਕਰਨ ਲਈ ਸ੍ਰੀ ਪਵਨਦੀਪ ਸਿੰਘ, ਸਹਾਇਕ ਟੈਕਨਾਲੋਜੀ ਮੈਨੇਜਰ ਕਪੂਰਥਲਾ ਵਿਸ਼ੇਸ਼ ਯੋਗਦਾਨ ਪਾਇਆ ਗਿਆ।ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਹਾਜ਼ਰ ਸਨ।























