ਝੂਠੇ ਮਨਘੜਤ ਸੰਗੀਨ ਕੇਸਾਂ ਵਿੱਚ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁੰਨਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਜਿਲ੍ਹਾ ਪੱਧਰੇ ਰੈਲੀਆਂ ਮੁਜ਼ਾਹਰੇ ਕਰਨ ਦਾ ਫੈਸਲਾ
ਬਰਨਾਲਾ 11 ਜੂਨ (ਵਿਸ਼ਵ ਵਾਰਤਾ);-ਇੱਥੋਂ ਥੋੜ੍ਹੀ ਦੂਰ ਪਿੰਡ ਭੋਤਨਾ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਵਧਵੀਂ ਸੂਬਾਈ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਸਰਗਰਮ ਅਹੁਦੇਦਾਰ ਸ਼ਾਮਲ ਹੋਏ। ਵਿਚਾਰ ਚਰਚਾ ਉਪਰੰਤ ਫੈਸਲਾ ਕੀਤਾ ਗਿਆ ਕਿ ਭਾਜਪਾ ਮੋਦੀ ਹਕੂਮਤ ਵੱਲੋਂ ਹਿੰਦੂ ਫਾਸ਼ੀਵਾਦੀ ਨੀਤੀ ਤਹਿਤ ਝੂਠੇ ਮਨਘੜਤ ਕੇਸਾਂ ਵਿੱਚ ਸਾਲਾਂਬੱਧੀ ਜੇਲ੍ਹੀਂ ਡੱਕੇ ਬੇਦੋਸ਼ੇ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁੰਨਾਂ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ਦੀ ਬਿਨਾਂ ਸ਼ਰਤ ਰਿਹਾਈ ਲਈ 14 ਤੋਂ 19 ਜੂਨ ਤੱਕ ਜ਼ਿਲ੍ਹਾ ਪੱਧਰੀ ਰੈਲੀਆਂ ਮੁਜ਼ਾਹਰੇ ਕੀਤੇ ਜਾਣਗੇ। ਸਰਕਾਰੀ ਕੱਟੜਪੰਥੀ ਹਿੰਦੂਤਵ ਨੀਤੀਆਂ ਨਾਲ਼ੋਂ ਵਖਰੇਵੇਂ ਵਾਲੀ ਹਰ ਆਵਾਜ਼ ਨੂੰ ਕੁਚਲਣ ਖਾਤਰ ਨੰਗੀ ਚਿੱਟੀ ਤਾਨਾਸ਼ਾਹੀ ਤਹਿਤ ਰੋਨਾ ਵਿਲਸਨ ਦੇ ਲੈਪਟਾਪ ਵਿਚ ਧੋਖੇ ਨਾਲ ਪਲਾਂਟ ਕੀਤੇ ਸਾਫਟਵੇਅਰ ਰਾਹੀਂ ਜ਼ਰਖਰੀਦ ਸਰਕਾਰੀ ਏਜੰਟ ਦੁਆਰਾ ਪੋਸਟ ਕੀਤੀਆਂ ਜਾਹਲੀ ਚਿੱਠੀਆਂ ਦੇ ਝੂਠੇ ਸਬੂਤ ਤਿਆਰ ਕਰਕੇ ਇਸ ਧੱਕੇਸ਼ਾਹੀ ਨੂੰ ਅੰਜਾਮ ਦਿੱਤਾ ਗਿਆ ਹੈ। 82-83 ਸਾਲਾਂ ਦੇ ਬਜ਼ੁਰਗ ਅਤੇ 90% ਅਪਾਹਜ ਲੋਕਾਂ ਨੂੰ ਵੀ ਜੇਲ੍ਹਾਂ ਵਿੱਚ ਬਿਨਾਂ ਸੰਭਾਲ ਤੋਂ ਸਰੀਰਕ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਮੋਰਚਿਆਂ ਵਿੱਚ ਡਟੇ ਹੋਏ ਦੇਸ਼ ਭਰ ਦੇ ਲੱਖਾਂ ਕਿਸਾਨਾਂ ਮਜ਼ਦੂਰਾਂ ਦੇ ਡਟਵੇਂ ਹਿਮਾਇਤੀ ਲਲਕਾਰੇ ਨਾਲ ਇਨ੍ਹਾਂ ਬੇਖੌਫ਼ ਜਮਹੂਰੀ ਕਾਰਕੁੰਨਾਂ ਦੀ ਗਹਿਗੱਡਵੀਂ ਹੌਂਸਲਾ ਅਫ਼ਜਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫੈਸਲਾ ਕੀਤਾ ਗਿਆ ਕਿ ਦਿੱਲੀ ਦੇ ਟਿਕਰੀ ਮੋਰਚੇ ਅਤੇ ਪੰਜਾਬ’ਚ ਟੌਲ ਪਲਾਜਿਆਂ,ਰਿਲਾਇੰਸ ਪੰਪਾਂ, ਭਾਜਪਾ ਆਗੂਆਂ ਆਦਿ ਵਿਰੁੱਧ ਮੋਰਚਿਆਂ ਵਿੱਚ ਹੋਰ ਵਧੇਰੇ ਸ਼ਮੂਲੀਅਤ ਲਈ ਠੋਸ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਗਿਆ ਕਿ ਝੋਨੇ ਦੀ ਲਵਾਈ ਦੇ ਰੇਟਾਂ ਸੰਬੰਧੀ ਸਿਆਸੀ ਪਾਰਟੀਆਂ ਦੀਆਂ ਪਾਟਕ ਪਾਊ ਚਾਲਾਂ ‘ਚ ਫਸ ਕੇ ਆਪਸੀ ਏਕਤਾ ਖੇਰੂੰ ਖੇਰੂੰ ਕਰਨ ਦੀ ਬਜਾਏ ਆਪਸੀ ਸਹਿਮਤੀ ਨਾਲ ਰੇਟ ਮਿਥ ਕੇ ਏਕਾ ਹੋਰ ਮਜ਼ਬੂਤ ਕੀਤੀ ਜਾਵੇ। ਸਿਆਸੀ ਆਗੂ ਤਾਂ ਆਪਣੀਆਂ ਵੋਟਾਂ ਖ਼ਾਤਰ ਹੀ ਆਪਣੀ ਏਕਤਾ ਨੂੰ ਢਾਹ ਲਾਉਣ ਰਾਹੀਂ ਮੋਦੀ ਸਰਕਾਰ ਦਾ ਪੱਖ ਹੀ ਪੂਰ ਰਹੀਆਂ ਹਨ। ਕੇਂਦਰੀ ਹਕੂਮਤ ਅੰਦਰ ਉੱਭਰ ਰਹੀ ਧੜੇਬੰਦੀ ਦਾ ਲਾਹਾ ਲੈ ਕੇ ਲਾਮਬੰਦੀਆਂ ਨੂੰ ਜ਼ਰ੍ਹਬਾਂ ਦੇਣ ਰਾਹੀਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਨੂੰ ਅੰਤਿਮ ਜਿੱਤ ਤੱਕ ਲੈ ਜਾਣ ਲਈ ਜ਼ੋਰਦਾਰ ਤਾਣ ਜੁਟਾਉਣ ਦਾ ਸੱਦਾ ਦਿੱਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੁਖਦੇਵ ਸਿੰਘ ਕੋਕਰੀ ਕਲਾਂ,ਜਨਕ ਸਿੰਘ ਭੁਟਾਲ ਅਤੇ ਜਗਤਾਰ ਸਿੰਘ ਕਾਲਾਝਾੜ ਸ਼ਾਮਲ ਸਨ।