ਜੰਮੂ ਦੇ ਰਿਆਸੀ ‘ਚ ਸ਼ਰਧਾਲੂਆਂ ਦੀ ਬੱਸ ‘ਤੇ ਅੱਤਵਾਦੀ ਹਮਲਾ, ਫੌਜ ਐਕਸ਼ਨ ‘ਚ, NIA ਦੀ ਟੀਮ ਵੀ ਪਹੁੰਚੀ
ਜੰਮੂ,10 ਜੂਨ (ਵਿਸ਼ਵ ਵਾਰਤਾ): ਜੰਮੂ ਦੇ ਰਿਆਸੀ ‘ਚ ਐਤਵਾਰ ਸ਼ਾਮ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਫੌਜ ਐਕਸ਼ਨ ‘ਚ ਹੈ। ਸੋਮਵਾਰ ਸਵੇਰੇ ਫੌਜ ਨੇ ਪੂਰੀ ਤਰ੍ਹਾਂ ਨਾਲ ਚਾਰਜ ਸੰਭਾਲ ਲਿਆ। ਜਿਸ ਜੰਗਲ ‘ਚ ਹਮਲੇ ਤੋਂ ਬਾਅਦ ਅੱਤਵਾਦੀ ਭੱਜ ਗਏ ਸਨ, ਉਸ ਨੂੰ ਘੇਰ ਲਿਆ ਗਿਆ ਹੈ। ਡਰੋਨ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮ ਵੀ ਪਹੁੰਚ ਗਈ ਹੈ। ਦੱਸ ਦੇਈਏ ਕਿ ਐਤਵਾਰ ਨੂੰ ਜੰਮੂ ਡਿਵੀਜ਼ਨ ਦੇ ਰਿਆਸੀ ਜ਼ਿਲੇ ‘ਚ ਸ਼ਿਵਖੋੜੀ ਧਾਮ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਅੱਤਵਾਦੀਆਂ ਨੇ ਪਹਿਲਾਂ ਬੱਸ ਡਰਾਈਵਰ ‘ਤੇ ਅਤੇ ਫਿਰ ਉਸ ‘ਚ ਸਵਾਰ ਸ਼ਰਧਾਲੂਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਬੱਸ ਬੇਕਾਬੂ ਹੋ ਕੇ ਖਾਈ ਵਿੱਚ ਜਾ ਡਿੱਗੀ। ਹਮਲੇ ਵਿੱਚ ਦੋ ਬੱਚਿਆਂ ਸਮੇਤ 10 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। 30 ਤੋਂ ਵੱਧ ਜ਼ਖ਼ਮੀ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।