ਜੰਤਰ-ਮੰਤਰ ਤੇ ਪਹਿਲਵਾਨਾਂ ਦਾ ਧਰਨਾ 13ਵੇਂ ਦਿਨ ਵੀ ਜਾਰੀ
ਚੰਡੀਗੜ੍ਹ, 5ਮਈ(ਵਿਸ਼ਵ ਵਾਰਤਾ)- ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਹਿਲਵਾਨਾਂ ਦਾ ਧਰਨਾ ਅੱਜ 13ਵੇਂ ਦਿਨ ਵੀ ਜਾਰੀ ਹੈ। ਵੀਰਵਾਰ ਦੇਰ ਰਾਤ ਕਿਸਾਨ ਆਗੂ ਰਾਕੇਸ਼ ਟਿਕੈਤ ਧਰਨੇ ਵਾਲੀ ਥਾਂ ‘ਤੇ ਪਹੁੰਚੇ। ਜਿੱਥੇ ਉਨ੍ਹਾਂ ਪਹਿਲਵਾਨਾਂ ਤੇ ਹੋਰਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਪੁਲੀਸ ਨੇ ਇਨ੍ਹਾਂ ਬੱਚਿਆਂ ਨਾਲ ਸਿਰਫ਼ ਬੈੱਡ ਲਿਆਉਣ ਦੇ ਬਹਾਨੇ ਦੁਰਵਿਵਹਾਰ ਕੀਤਾ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਖਿਡਾਰੀਆਂ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਕੱਟ ਦਿੱਤੀ ਗਈ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਹ ਬੱਚੇ ਸਾਡੇ ਦੇਸ਼ ਦੇ ਹਨ। ਉਨ੍ਹਾਂ ਦੀ ਸੁਰੱਖਿਆ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਬਾਹਰੋਂ ਕੋਈ ਵੀ ਸਮਾਜ ਵਿਰੋਧੀ ਤੱਤ ਉਨ੍ਹਾਂ ‘ਤੇ ਹਮਲਾ ਨਾ ਕਰੇ। ਹਾਲਾਂਕਿ ਦਿੱਲੀ ਪੁਲਿਸ ਨੇ ਇੱਥੇ ਕਾਫੀ ਬੈਰੀਕੇਡਿੰਗ ਕੀਤੀ ਹੈ ਪਰ ਇਹ ਚੰਗੀ ਗੱਲ ਹੈ। ਪਰ ਪੁਲਿਸ ਨੂੰ ਹੋਰ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ।