ਜੈਤੋ ‘ਚ ਉਪ ਮੁੱਖ ਮੰਤਰੀ ਸੋਨੀ ਦਾ ਕਿਸਾਨਾਂ ਵੱਲੋਂ ਜਬਰਦਸਤ ਕੀਤਾ ਵਿਰੋਧ

ਜੈਤੋ,14 ਨਵੰਬਰ (ਰਘੂਨਦੰਨ ਪਰਾਸ਼ਰ)ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ. ਸੋਨੀ ਅੱਜ ਜੈਤੋ ਪਹੁੰਚੇ। ਇਥੇ ਪਹੁੰਚਣ ‘ਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਜਬਰਦਸਤ ਵਿਰੋਧ ਕੀਤਾ ਗਿਆ। ਉਪ ਮੁੱਖਮੰਤਰੀ ਸੋਨੀ ਥਾਣਾ ਜੈਤੋ ਸਥਿਤ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਯਾਦਗਾਰ ’ਤੇ ਨਤਮਸਤਕ ਹੋਏ ਅਤੇ ਉਨ੍ਹਾ ਦੇ ਜਨਮ ਦਿਨ ਦੇ ਅਵਸਰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਪ ਮੁੱਖ ਮੰਤਰੀ ਸਥਾਨਕ ਸੇਠ ਰਾਮ ਨਾਥ ਸਿਵਲ ਹਸਪਤਾਲ ਨੂੰ ਅੱਪਗ੍ਰੇਡ ਕਰਕੇ ਇਕ ਵਡਾ ਸਿਵਲ ਹਸਪਤਾਲ ਦਾ ਦਰਜਾ ਦੇਣ ਦਾ ਐਲਾਨ ਕਰਨਾ ਸੀ। ਪਰ ਹਸਪਤਾਲ ਦੇ ਦੋਵੇਂ ਗੇਟਾਂ ਅੱਗੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਕਿਸਾਨਾਂ ਨੇ ਧਰਨੇ ਲਾ ਕੇ ਗੇਟ ਬੰਦ ਕਰ ਦਿੱਤੇ। ਜਿਸਨੂੰ ਧਿਆਨ ਵਿੱਚ ਰੱਖਦਿਆਂ ਉਪ ਮੁੱਖਮੰਤਰੀ ਸੋਨੀ ਸਿਵਲ ਹਸਪਤਾਲ ਨਹੀ ਗਏ। ਕਿਸਾਨ ਸੰਗਠਨਾਂ ਦੇ ਸੈਂਕੜੇ ਵਰਕਰ ਜਥੇਬੰਦੀਆਂ ਤੇ ਕਾਲ਼ੇ ਝੰਡਿਆਂ ਨਾਲ ਰੋਸ ਪ੍ਰਗਟਾਉਣ ਲਈ ਖੜ੍ਹੇ ਸਨ। ਇਸ ਉਪਰੰਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਚੈਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫਰੀਦਕੋਟ ਦੀ ਰਿਹਾਇਸ਼ ’ਤੇ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਇੱਥੋਂ ਦੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੇ ਇਨਾਮ ਵੰਡ ਸਮਾਗਮ ਵਿਚ ਸ਼ਰੀਕ ਹੋਣਾ ਸੀ ਪਰ ਰਸਤੇ ’ਚ ਵਿਰੋਧ ਲਈ ਖੜ੍ਹੇ ਕਿਸਾਨਾਂ ਨੇ ਪਹਿਲਾਂ ਹੀ ਪਹੁੰਚ ਕੇ ਸਕੂਲ ਦੇ ਦੋਵਾਂ ਦਰਵਾਜ਼ਿਆਂ ’ਤੇ ਧਰਨਾ ਲਾ ਦਿੱਤਾ ਅਤੇ ਉਥੇ ਲੱਗੇ ਕਾਫ਼ੀ ਫ਼ਲੈਕਸ ਵੀ ਪਾੜ ਦਿੱਤੇ। ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੇ ਯਤਨ ਜਾਰੀ ਹਨ। ਸੋਨੀ ਨਾਲ ਹੋਰਨਾਂ ਆਗੂਆਂ ਤੋਂ ਇਲਾਵਾ ਮੈਂਬਰ ਲੋਕ ਸਭਾ ਮੁਹੰਮਦ ਸਦੀਕ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਬੀਬੀ ਜਾਵੇਦ ਅਖ਼ਤਰ, ਬਲਵਿੰਦਰ ਸਿੰਘ ਲਵਲੀ ਭੱਟੀ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਸੁਰਜੀਤ ਬਾਬਾ, ਮੀਤ ਪ੍ਰਧਾਨ ਜੀਤੂ ਬਾਂਸਲ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ , ਸੀਨੀਅਰ ਕਾਂਗਰਸੀ ਆਗੂ ਸੁਰਜ ਭਾਰਦਵਾਜ ਹਾਜ਼ਰ ਹਨ।






















