ਜੇਲ ਟ੍ਰੇਨਿੰਗ ਸਕੂਲ ਵਿਖੇ ਪੰਜਾਬ, ਰਾਜਸਥਾਨ ਤੇ ਦਿੱਲੀ ਦੇ ਜੇਲ ਅਧਿਕਾਰੀਆਂ ਲਈ 5 ਰੋਜ਼ਾ ਸਿਖਲਾਈ ਕੋਰਸ ਸ਼ੁਰੂ

ਪਟਿਆਲਾ, 15 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਜੇਲ ਸਿਖਲਾਈ ਸਕੂਲ, ਪਟਿਆਲਾ ਵਿਖੇ ਬਿਊਰੋ ਆਫ਼ ਪੁਲਿਸ ਰੀਸਰਚ ਐਂਡ ਡਿਵੈਲਪਮੈਂਟ, ਗ੍ਰਹਿ ਮਾਮਲੇ ਮੰਤਰਾਲਾ, ਨਵੀਂ ਦਿੱਲੀ, ਵੱਲੋਂ 5 ਦਿਨਾਂ ‘ਟ੍ਰੇਨਿੰਗ ਆਫ਼ ਟ੍ਰੇਨਰਜ’ ਅੱਜ ਸ਼ੁਰੂ ਹੋਈ। ਜੇਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਪੇਸ਼ੇਵਰ ਹੁਨਰ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਨਵੀਆਂ ਤੇ ਆਧੁਨਿਕ ਤਕਨੀਕਾਂ ਦੇ ਰੂਬਰੂ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਇਸ ਸਿਖਲਾਈ ਦੀ ਸ਼ੁਰੂਆਤ ਕੇਂਦਰੀ ਜੇਲ ਦੇ ਸਾਬਕਾ ਸੁਪਰਡੈਂਟ ਤੇ ਏ.ਆਈ.ਜੀ. ਸੁਰਿੰਦਰ ਪਾਲ ਸਿੰਘ ਨੇ ਕਰਵਾਈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੇਲ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮਾਜ ਦੇ ਤੇਜੀ ਨਾਲ ਬਦਲਦੇ ਸਰੋਕਾਰਾਂ ਮੁਤਾਬਕ ਸਿਖਲਾਈ ਹਾਸਲ ਕਰਦੇ ਰਹਿਣਾ ਚਾਹੀਦਾ ਹੈ।
ਜੇਲ ਸਿਖਲਾਈ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਧੀਕ ਡੀ.ਜੀ.ਪੀ. ਪੁਲਿਸ ਜੇਲਾਂ ਸ੍ਰੀ ਪਰਵੀਨ ਕੁਮਾਰ ਸਿਨਹਾ ਦੀ ਅਗਵਾਈ ਹੇਠ ਇਹ ਟ੍ਰੇਨਿੰਗ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਕਿ ਜੇਲਾਂ ‘ਚ ਵੱਖ-ਵੱਖ ਕਿਸਮ ਦੇ ਬੰਦੀਆਂ ਨੂੰ ਸੁਧਾਰਨ ਅਤੇ ਸੰਭਾਲਣ ਦੇ ਚੁਨੌਤੀ ਭਰਪੂਰ ਕੰਮ ‘ਚ ਲੱਗੇ ਜੇਲ ਅਮਲੇ ਨੂੰ ਸਿੱਖਿਅਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ‘ਚ ਪੰਜਾਬ ਦੇ ਨਾਲ-ਨਾਲ ਰਾਜਸਥਾਨ ਅਤੇ ਦਿੱਲੀ ਦੇ ਜੇਲ ਅਧਿਕਾਰੀ ਤੇ ਕਰਮਚਾਰੀ ਹਿੱਸਾ ਲੈ ਰਹੇ ਹਨ।
ਇਸ ਮੌਕੇ ਕੌਮੀ ਰਿਸੋਰਸ ਪਰਸਨ ਤੇ ਡੀ.ਓ.ਪੀ.ਟੀ. ਦੇ ਮਾਨਤਾ ਪ੍ਰਾਪਤ ਟ੍ਰੇਨਰ ਮੇਜਰ (ਰਿਟਾ.) ਪ੍ਰਦੀਪ ਕੁਮਾਰ ਨੇ ਭਾਗੀਦਾਰਾਂ ਨੂੰ ਸਿਖਲਾਈ ਪ੍ਰਦਾਨ ਕੀਤੀ। ਜੇਲ ਟ੍ਰੇਨਿੰਗ ਸਕੂਲ ਦੇ ਵਾਈਸ ਮੁਕੇਸ਼ ਕੁਮਾਰ ਸ਼ਰਮਾ ਨੇ ਟ੍ਰੇਨਿੰਗ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਇਸ ਟ੍ਰੇਨਿੰਗ ਦੀ ਮਹੱਤਤਾ ਤੋਂ ਜਾਣੂ ਕਰਵਾਇਆ।






















