ਜੇਲ੍ਹ ‘ਚ ਬੰਦ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਵੱਡੀ ਰਾਹਤ- FIR ਰੱਦ
ਪੜ੍ਹੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 6 ਅਪ੍ਰੈਲ (ਵਿਸ਼ਵ ਵਾਰਤਾ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗੋਆ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। 2017 ਦੀਆਂ ਗੋਆ ਚੋਣਾਂ ‘ਚ ਕੇਜਰੀਵਾਲ ਨੇ ਬਿਆਨ ਦਿੱਤਾ ਸੀ ਕਿ ”ਪੈਸੇ ਸਭ ਤੋਂ ਲੈ ਲਓ ਪਰ ਵੋਟ ਝਾੜੂ ਨੂੰ ਦਿਓ”। ਇਸ ਬਿਆਨ ਨੂੰ ਲੈ ਕੇ ਅਰਵਿੰਦ ਕੇਜਰੀਵਾਲ ‘ਤੇ ਕੇਸ ਦਰਜ ਹੋ ਗਿਆ ਸੀ। ਇਸ ਕੇਸ ਨੂੰ ਅਰਵਿੰਦ ਕੇਜਰੀਵਾਲ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਹੁਣ ਗੋਆ ਦੀ ਅਦਾਲਤ ਨੇ ਇਸ ਮਾਮਲੇ ‘ਚ ਕੇਜਰੀਵਾਲ ਖਿਲਾਫ ਦਰਜ ਐੱਫ.ਆਈ.ਆਰ ਰੱਦ ਕਰ ਦਿੱਤੀ ਹੈ। ਇਹ ਮਾਮਲਾ ਗੋਆ ਵਿਧਾਨ ਸਭਾ ਚੋਣਾਂ 2017 ਨਾਲ ਸਬੰਧਤ ਹੈ। ਗੌਰਤਲਬ ਹੈ ਕਿ ਕੇਜਰੀਵਾਲ ਦੇ ਇਸ ਬਿਆਨ ਦੀ ਉਸ ਸਮੇਂ ਕਾਫੀ ਆਲੋਚਨਾ ਹੋਈ ਸੀ। ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ‘ਤੇ ਕੇਜਰੀਵਾਲ ਅਤੇ ‘ਆਪ’ ਨੂੰ ਘੇਰਿਆ ਸੀ। ਇਸ ਭਾਸ਼ਣ ਨੂੰ ਲੈ ਕੇ ਗੋਆ ਪੁਲਿਸ ਸਟੇਸ਼ਨ ‘ਚ ਕੇਜਰੀਵਾਲ ਦੇ ਖਿਲਾਫ ਐੱਫ.ਆਈ.ਆਰ ਵੀ ਦਰਜ ਕੀਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਕਰੀਬ 7 ਸਾਲਾਂ ਤੋਂ ਚੱਲ ਰਹੀ ਸੀ। ਆਖਰਕਾਰ ਸ਼ਨੀਵਾਰ (6 ਅਪ੍ਰੈਲ 2024) ਨੂੰ ਅਦਾਲਤ ਨੇ ਇਸ FIR ਨੂੰ ਰੱਦ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਕਥਿਤ ਸ਼ਰਾਬ ਘੁਟਾਲੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 22 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿੱਥੇ ਅਦਾਲਤ ਨੇ ਕੇਜਰੀਵਾਲ ਨੂੰ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਤੋਂ ਬਾਅਦ 28 ਮਾਰਚ ਨੂੰ ਹੋਈ ਸੁਣਵਾਈ ਦੌਰਾਨ ਰਿਮਾਂਡ ਨੂੰ 1 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਸੀ। 1 ਅਪ੍ਰੈਲ ਨੂੰ ਕੋਰਟ ਨੇ ਕੇਜਰੀਵਾਲ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।