ਜੇਕਰ ਕਾਂਗਰਸ ਸਰਕਾਰ ਨੇ 5 ਸਾਲਾਂ ਚ ਕੰਮ ਕੀਤਾ ਹੁੰਦਾ ਤਾਂ ਲੋਕ ਨਰਕ ਭੋਗਣ ਲਈ ਮਜਬੂਰ ਨਾ ਹੁੰਦੇ- ਸੰਜੀਵ ਵਿਸ਼ਿਸ਼ਟ
ਮੋਹਾਲੀ,5 ਫਰਵਰੀ (ਵਿਸ਼ਵ ਵਾਰਤਾ) ਜੇਕਰ ਕਾਂਗਰਸ ਸਰਕਾਰ ਨੇ ਪਿਛਲੇ 5 ਸਾਲਾਂ ਵਿਚ ਕੰਮ ਕੀਤਾ ਹੁੰਦਾ ਤਾਂ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਦੀ ਲੋੜ ਨਾ ਪੈਂਦੀ। ਬਢਮਾਜਰਾ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਨੂੰ ਬਿਮਾਰੀਆਂ ਹੀ ਲੱਗ ਰਹੀਆਂ ਹਨ। ਕਾਂਗਰਸੀ ਸਰਕਾਰ ਦੇ ਵਿਧਾਇਕ ਨੇ ਵੋਟਾਂ ਲੈਣ ਤੋਂ ਬਾਅਦ ਇਨ੍ਹਾਂ ਇਲਾਕਿਆਂ ਨੂੰ ਨੂੰ ਪੂਰੀ ਤਰ੍ਹਾਂ ਭੁਲਾ ਦਿਤਾ। ਇਹ ਗੱਲ ਮੁਹਾਲੀ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਸ਼ਨੀਵਾਰ ਨੂੰ ਬਡਮਾਜਰਾ ਵਿਖੇ ਆਪਣੇ ਚੋਣ ਪ੍ਰਚਾਰ ਦੌਰਾਨ ਕਹੀ। ਇਸ ਦੌਰਾਨ ਉਹਨਾਂ ਨਾਲ ਭਾਜਪਾ ਦੇ ਸੀਨੀਅਰ ਆਗੂ ਸਖਵਿੰਦਰ ਸਿੰਘ ਗੋਲਡੀ, ਸਾਬਕਾ ਭਾਜਪਾ ਕੌਂਸਲਰ ਅਸ਼ੋਕ ਝਾਅ ਵੀ ਮੌਜੂਦ ਸਨ। ਲੋਕਾਂ ਵਿਚਕਾਰ ਪਹੁੰਚਣ ਤੇ ਬਡਮਾਜਰਾ ਦੇ ਲੋਕਾਂ ਵੱਲੋਂ ਵਿਸ਼ਿਸ਼ਟ ਦਾ ਸਵਾਗਤ ਕੀਤਾ ਗਿਆ। ਸੰਜੀਵ ਵਿਸ਼ਿਸ਼ਟ ਨੇ ਵੀ ਪਿੰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਨਾਲ ਰੂ ਬ ਰੂ ਹੁੰਦੇ ਹੋਏ ਕਿਹਾ ਕਿ ਜਦੋਂ ਉਹ ਪਿੰਡ ਆ ਰਹੇ ਸਨ ਤਾਂ ਰਸਤੇ ਵਿਚ ਦੇਖਿਆ ਕਿ ਕਿਵੇਂ ਗੰਦੇ ਪਾਣੀ ਦਾ ਛੱਪੜ ਬਣ ਗਿਆ ਹੈ ਅਤੇ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ।

ਵਿਸ਼ਿਸ਼ਟ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿਚ ਕਾਂਗਰਸ ਸਰਕਾਰ ਦੇ ਰਾਜ ਵਿਚ ਲੋਕਾਂ ਨੂੰ ਇਸ ਗੰਦਗੀ ਤੋਂ ਵੀ ਛੁਟਕਾਰਾ ਨਹੀਂ ਮਿਲਿਆ ਹੈ। ਇਸੇ ਤਰਾਂ ਸ਼ਹਿਰ ਵਿਚ ਵੀ ਥਾਂ ਥਾਂ ਤੇ ਦੋ ਦੋ ਸਾਲ ਤੋਂ ਸੜਕਾਂ ਪੱਟੀਆਂ ਹੋਈਆਂ ਹਨ। ਲੋਕ ਸਾਲਾਂ ਤੋਂ ਸੜਕਾਂ ਬਣਨ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਸਿਹਤ ਮੰਤਰੀ ਹੁੰਦਿਆਂ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖ ਕੇ ਹਰ ਤਰ੍ਹਾਂ ਦੇ ਚੰਗੇ ਕੰਮ ਕੀਤੇ ਹਨ। ਪਰ ਅੱਜ ਵੀ ਗੰਦਗੀ ਦੇ ਢੇਰਾਂ ਅਤੇ ਗੰਦੇ ਪਾਣੀ ਦੇ ਛੱਪੜਾਂ ਨੂੰ ਦੇਖ ਕੇ ਉਨ੍ਹਾਂ ਵੱਲੋਂ ਕੀਤੇ ਗਏ ਕੰਮ ਕਾਂਗਰਸੀ ਵਿਧਾਇਕ ਦੇ ਕੰਮਾਂ ਦੀ ਪੋਲ ਖ਼ੋਲ ਰਹੇ ਹਨ। ਅੱਜ ਲੋਕ ਇਹ ਮੰਨਣ ਲੱਗੇ ਹਨ ਕਿ ਪਿਛਲੇ 5 ਸਾਲਾਂ ਵਿਚ ਸਿਰਫ਼ ਉਨ੍ਹਾਂ ਨੂੰ ਝੂਠੇ ਲਾਰੇ ਲਗਾ ਕੇ ਗੁਮਰਾਹ ਹੀ ਕੀਤਾ ਗਿਆ ਹੈ। ਵਿਸ਼ਿਸ਼ਟ ਨੇ ਲੋਕਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਵਾਰ ਭਾਜਪਾ ਦੀ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਲੋਕਾਂ ਨੂੰ ਇਸ ਗੰਦਗੀ ਤੋਂ ਮੁਕਤ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਏ ਗਏ ਸਵੱਛਤਾ ਮਿਸ਼ਨ ਤਹਿਤ ਇੱਥੇ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਇਸ ਗੰਦਗੀ ਨਾਲ ਫੈਲਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਤੇ ਚੋਣ ਪ੍ਰਚਾਰ ਦੌਰਾਨ ਸੀਤਾ ਰਾਮ ਪੰਚ, ਲਾਲ ਮੋਹਨ ਸ਼ਰਮਾ, ਰਮਾਕਾਂਤ ਸ਼ਰਮਾ, ਫੂਲੋ ਦੇਵੀ, ਅਨਿਲ ਕੁਮਾਰ ਗੁੱਡੂ, ਰੋਹਿਤ, ਅੰਗਦ ਸ਼ਾਹ, ਸੁਨੀਲ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।























