ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਅੰਡਰ-19 ਟੀਮ ਦਾ ਐਲਾਨ
ਉਦੈ ਸਹਾਰਨ ਨੂੰ ਸੌਂਪੀ ਗਈ ਟੀਮ ਦੀ ਕਮਾਨ
ਪੜ੍ਹੋ, ਕਦੋਂ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ
ਚੰਡੀਗੜ੍ਹ,25 ਨਵੰਬਰ(ਵਿਸ਼ਵ ਵਾਰਤਾ)-ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਅੰਡਰ-19 ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਉਦੈ ਸਹਾਰਨ ਨੂੰ ਜੂਨੀਅਰ ਚੋਣ ਕਮੇਟੀ ਨੇ ਕਪਤਾਨ ਚੁਣਿਆ ਹੈ। ਇਹ ਟੂਰਨਾਮੈਂਟ 8 ਦਸੰਬਰ ਤੋਂ ਯੂਏਈ ਵਿੱਚ ਖੇਡਿਆ ਜਾਵੇਗਾ। ਏਸ਼ੀਆ ਕੱਪ 8 ਦਸੰਬਰ ਨੂੰ ਸ਼ੁਰੂ ਹੋਵੇਗਾ, ਜਿਸ ‘ਚ ਭਾਰਤ ਪਹਿਲਾਂ ਅਫਗਾਨਿਸਤਾਨ ਨਾਲ ਭਿੜੇਗਾ ਅਤੇ ਫਾਈਨਲ 17 ਦਸੰਬਰ ਨੂੰ ਖੇਡਿਆ ਜਾਵੇਗਾ। ਭਾਰਤ ਦਾ ਸਾਹਮਣਾ 10 ਦਸੰਬਰ ਨੂੰ ਪਾਕਿਸਤਾਨ ਅਤੇ ਫਿਰ 12 ਦਸੰਬਰ ਨੂੰ ਨੇਪਾਲ ਨਾਲ ਹੋਵੇਗਾ।
ਦੱਸਣਯੋਗ ਹੈ ਕਿ ਚੁਣੇ ਗਏ 15 ਖਿਡਾਰੀਆਂ ਤੋਂ ਇਲਾਵਾ 3 ਸਟੈਂਡਬਾਏ ਖਿਡਾਰੀਆਂ ਨੂੰ ਵੀ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇੰਨਾ ਹੀ ਨਹੀਂ 4 ਵਾਧੂ ਰਿਜ਼ਰਵ ਖਿਡਾਰੀ ਵੀ ਹਨ। ਏਸ਼ੀਆ ਕੱਪ ‘ਚ 8 ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ 50 ਓਵਰਾਂ ਦੇ ਫਾਰਮੈਟ ਵਿੱਚ ਹੋਵੇਗਾ। ਦੱਸ ਦਈਏ ਕਿ ਪੰਜਾਬ ਦੇ ਉਦੈ ਸਹਾਰਨ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਜਦਕਿ ਮੱਧ ਪ੍ਰਦੇਸ਼ ਦੇ ਸੌਮਿਆ ਪਾਂਡੇ ਟੀਮ ਦੇ ਉਪ ਕਪਤਾਨ ਹੋਣਗੇ। ਚੋਣ ਕਮੇਟੀ ਨੇ ਦੇਸ਼ ਭਰ ਵਿੱਚੋਂ ਪ੍ਰਤਿਭਾ ਦੀ ਚੋਣ ਕੀਤੀ ਹੈ। ਇਨ੍ਹਾਂ ਵਿੱਚੋਂ ਦੋ ਖਿਡਾਰੀ ਮਹਾਰਾਸ਼ਟਰ ਦੇ ਅਤੇ ਦੋ ਹੈਦਰਾਬਾਦ ਦੇ ਹਨ। ਦੂਜੇ ਰਾਜਾਂ ਦਾ ਇੱਕ-ਇੱਕ ਖਿਡਾਰੀ ਸ਼ਾਮਲ ਹੈ।
ਏਸ਼ੀਆ ਕੱਪ ਲਈ ਭਾਰਤ ਦੀ ਅੰਡਰ-19 ਟੀਮ
ਟੀਮ: ਉਦੈ ਸਹਾਰਨ (ਕਪਤਾਨ) (ਪੰਜਾਬ) ,ਅਰਸ਼ੀਨ ਕੁਲਕਰਨੀ (ਮਹਾਰਾਸ਼ਟਰ), ਆਦਰਸ਼ ਸਿੰਘ (ਉੱਤਰ ਪ੍ਰਦੇਸ਼), ਰੁਦਰ ਮਯੂਰ ਪਟੇਲ (ਗੁਜਰਾਤ), ਸਚਿਨ ਦਾਸ (ਮਹਾਰਾਸ਼ਟਰ), ਪ੍ਰਿਯਾਂਸ਼ੂ ਮੋਲੀਆ (ਬੜੌਦਾ), ਮੁਸ਼ੀਰ ਖਾਨ (ਮੁੰਬਈ), ਅਰਾਵਲੀ ਅਵਨੀਸ਼ ਰਾਓ (ਹੈਦਰਾਬਾਦ), ਸੌਮਿਆ ਕੁਮਾਰ ਪਾਂਡੇ (ਵੀਸੀ) (ਮੱਧ ਪ੍ਰਦੇਸ਼), ਮੁਰੂਗਨ ਅਭਿਸ਼ੇਕ (ਹੈਦਰਾਬਾਦ) ਇਨੇਸ਼ ਮਹਾਜਨ (ਡਬਲਯੂ.ਕੇ.) (ਹਿਮਾਚਲ ਪ੍ਰਦੇਸ਼), ਧਨੁਸ਼ ਗੌੜਾ (ਕਰਨਾਟਕ), ਆਰਾਧਿਆ ਸ਼ੁਕਲਾ (ਪੰਜਾਬ), ਰਾਜ ਲਿੰਬਾਨੀ (ਬੜੌਦਾ) ) ਅਤੇ ਨਮਨ ਤਿਵਾੜੀ (ਉੱਤਰ ਪ੍ਰਦੇਸ਼)
ਸਟੈਂਡਬਾਏ ਖਿਡਾਰੀ: ਪ੍ਰੇਮ ਦੇਵਕਰ (ਮੁੰਬਈ), ਅੰਸ਼ ਗੋਸਾਈਂ (ਸੌਰਾਸ਼ਟਰ) ਅਤੇ ਮੁਹੰਮਦ ਅਮਾਨ (ਉੱਤਰ ਪ੍ਰਦੇਸ਼)
ਰਿਜ਼ਰਵ ਖਿਡਾਰੀ: ਦਿਗਵਿਜੇ ਪਾਟਿਲ, ਜਯੰਤ ਗੋਇਤ, ਪੀ ਵਿਗਨੇਸ਼ ਅਤੇ ਕਿਰਨ ਚੋਰਮਾਲੇ।























