ਜ਼ੀਰਕਪੁਰ 10 ਅਕਤੂਬਰ( ਸਤੀਸ਼ ਕੁਮਾਰ ਪੱਪੀ)– ਸਥਾਨਕ ਵੀਆਈਪੀ ਰੋਡ ਤੇ ਬੀਤੀ ਅੱਧੀ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੋ ਕਾਰ ਸਵਾਰਾਂ ਦੀ ਆਪਸੀ ਤੂੰ -ਤੂੰ ਮੈਂ- ਮੈਂ ਤੋਂ ਬਾਅਦ ਇੱਟਾਂ ਰੋੜੇ ਤੇ ਫਿਰ ਗੋਲੀਆਂ ਚੱਲੀਆਂ, ਜਿਸ ਵਿੱਚ ਇੱਕ ਕਾਰ ਸਵਾਰ ਦੀ ਮੌਤ ਹੋ ਗਈ । ਸੂਤਰਾਂ ਮੁਤਾਬਕ ਬੀਤੀ ਅੱਧੀ ਰਾਤ ਕਰੀਬ 1 :40 ਵਜੇ ਵੀਆਈਪੀ ਰੋਡ ਤੇ ਸੂਰੀਆ ਟਾਵਰ ਦੇ ਸਾਹਮਣੇ ਪਹਿਲਾਂ ਦੋ ਕਾਰ ਸਵਾਰਾਂ ਚ ਝਗੜਾ ਹੋਇਆ ਤੇ
ਉਸ ਤੋਂ ਬਾਅਦ 4-5 ਨੌਜਵਾਨ ਵੱਲੋਂ ਪੱਥਰਬਾਜ਼ੀ ਵੀ ਕੀਤੀ ਗਈ । ਜਿਸ ਵਿੱਚ ਇੱਕ ਕਾਰ ਦੇ ਸ਼ੀਸ਼ੇ ਵੀ ਟੁੱਟੇ । ਥੋੜ੍ਹੀ ਦੇਰ ਬਾਅਦ ਉੱਥੋਂ ਕੁਝ ਗਜ਼ ਦੀ ਦੂਰੀ ਤੇ ਡੋਮੀਨੋਜ਼ ਪੀਜ਼ਾ ਦੇ ਬਾਹਰ ਇਹ ਨੌਜਵਾਨਾਂ ਦੀ ਫਿਰ ਲੜਾਈ ਹੋਈ। ਜਿਸ ਵਿੱਚ ਇੱਕ ਨੌਜਵਾਨ ਦੇ ਤਿੰਨ ਦੇ ਕਰੀਬ ਗੋਲੀਆਂ ਲੱਗੀਆਂ । ਜਿਸ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖ਼ਮੀ ਨੌਜਵਾਨ ਨੂੰ ਜੀਰਕਪੁਰ ਦੇ ਐੱਮ ਕੇ ਹਸਪਤਾਲ ਵਿੱਚ ਲਿਜਾਇਆ ਗਿਆ ,ਜਿੱਥੇ ਕਿ ਉਸ ਜ਼ਖ਼ਮੀ ਨੌਜਵਾਨ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।ਮ੍ਰਿਤਕ ਦੀ ਪਹਿਚਾਣ ਅਨਿਲ ਠਾਕੁਰ (30) ਜੋ ਕਿ ਹਿਮਾਚਲ ਦਾ ਰਹਿਣ ਵਾਲਾ ਸੀ l ਭਾਵੇਂ ਕਿ ਸੁਸਾਇਟੀ ਵਾਲਿਆਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਦੇ ਕੰਟਰੋਲ ਰੂਮ ਤੇ ਦਿੱਤੀ ਗਈ । ਮ੍ਰਿਤਕ ਦੇ ਦੋਸਤ ਕਮਲ ਨੇ ਦੱਸਿਆ ਕਿ ਮ੍ਰਿਤਕ ਅਨਿਲ ਠਾਕਰ ਜ਼ੀਰਕਪੁਰ ਵਿਖੇ ਇੱਕ ਫਲੈਟ ਚ ਆਪਣੀ ਪਤਨੀ ਸਮੇਤ ਰਹਿੰਦਾ ਸੀ ।ਜਿਸਦੀ ਪਤਨੀ ਪਾਸ 8-9 ਮਹੀਨਿਆਂ ਦਾ ਇੱਕ ਬੱਚਾ ਵੀ ਹੈ ਅਤੇ ਉਹ ਲਿਫਟਾਂ ਦਾ ਕੰਮ ਕਰਦਾ ਸੀ ਤੇ ਉਸ ਦੀ ਪਤਨੀ ਵੀ ਨੌਕਰੀ ਕਰਦੀ ਹੈ । ਉਸ ਨੇ ਦੱਸਿਆ ਕਿ ਅਨਿਲ ਠਾਕਰ ਆਪਣੀ ਏਸੈਂਟ ਕਾਰ ਤੇ ਦੋਸਤਾਂ ਨਾਲ ਸੇਠੀ ਢਾਬੇ ਤੋਂ ਖਾਣਾ ਖਾ ਕੇ ਵਾਪਸ ਆਪਣੇ ਫਲੈਟ ਨੂੰ ਜਾ ਰਿਹਾ ਸੀ । ਉਸ ਨੇ ਦੱਸਿਆ ਕਿ ਉਸ ਨੂੰ ਵੀ ਇਹ ਪਤਾ ਲੱਗਿਆ ਕਿ ਕਾਰ ਨੂੰ ਰਸਤਾ ਨਾ ਦੇਣ ਪਿੱਛੇ ਲੜਾਈ ਹੋਈ । ਉਸ ਨੇ ਦੱਸਿਆ ਕਿ ਪਹਿਲਾਂ ਦੂਜੀ ਕਾਰ ਚ ਸਵਾਰਾਂ ਵੱਲੋਂ ਪੱਥਰ ਮਾਰੇ ਤੇ ਬਾਅਦ ਵਿੱਚ ਹੋਰ ਲੜਕੇ ਆਏ ਤੇ ਅਨਿਲ ਠਾਕਰ ਤੇ ਗੋਲੀਆਂ ਚਲਾ ਦਿੱਤੀਆਂ । ਉਸ ਨੇ ਦੱਸਿਆ ਕਿ ਪਿਸਤੌਲ ਨਾਲ ਗੋਲੀਆਂ ਚਲਾਉਣ ਸਮੇਂ ਹਮਲਾਵਰ ਆਪਣੇ ਆਪ ਨੂੰ ਹੈਪੀ ਬਰਾੜ ਮਲੇਰਕੋਟਲੇ ਤੋਂ ਦੱਸ ਰਿਹਾ ਸੀ ।ਜੋਕਿ ਫਾਰਚੂਨਰ ਗੱਡੀ PB04 AC 0053 ਨੰਬਰ ਤੇ ਸਵਾਰ ਸੀ । ਦੂਜੇ ਪਾਸੇ ਘਟਨਾ ਤੋਂ ਬਾਅਦ ਪੁੱਜੇ ਡੇਰਾਬਸੀ ਦੇ ਡੀਐਸਪੀ ਤੇ ਐਸਐਚਓ ਜੀਰਕਪੁਰ ਵੱਲੋਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਵੱਲੋਂ ਸੁਸਾਇਟੀਆਂ ਦੇ ਸੀਸੀਟੀਵੀ ਫੁਟੇਜ ਵੀ ਆਪਣੇ ਕਬਜ਼ੇ ਚ ਲੈ ਲਏ ਹਨ । ਪੁਲਸ ਵੱਲੋਂ ਹੁਣ ਇਸ ਤੇ ਬੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਛੋਟੀ ਜਿਹੀ ਲੜਾਈ ਕਿਵੇਂ ਖੂਨੀ ਰੂਪ ਧਾਰਨ ਕਰ ਗਈ ? ਇਸ ਖੂਨੀ ਝੜਪ ਤੋਂ ਬਾਅਦ ਵੀਆਈਪੀ ਰੋਡ ਦੇ ਵਾਸੀਆਂ ਚ ਕਾਫੀ ਡਰ ਦਾ ਮਾਹੌਲ ਹੈ । ਦੱਸਣਯੋਗ ਹੈ ਕਿ ਵੀਆਈਪੀ ਰੋਡ ਇੱਕ ਪੌਸ਼ ਏਰੀਆ ਹੈ ,ਇਸ ਦੀ ਆਬਾਦੀ 20 ਹਜਾਰ ਦੇ ਕਰੀਬ ਹੈ । ਕਈ ਲੋਕਾਂ ਨੇ “ਖ਼ਬਰ ਵਾਲੇ ਡਾਟ ਕਾਮ” ਨੂੰ ਦੱਸਿਆ ਕਿ ਇਸ ਰੋਡ ਤੇ ਲੜਾਈ ਝਗੜੇ ਆਮ ਹੁੰਦੇ ਰਹਿੰਦੇ ਹਨ ਅਤੇ ਲੋਕ ਬਾਹਰੋਂ ਵੀ ਆ ਕੇ ਕਿਰਾਏ ਦੇ ਫਲੈਟਾਂ ਚ ਰਹਿੰਦੇ ਹਨ ਅਤੇ ਬਹੁਤ ਸਾਰਿਆਂ ਦੀ ਪੁਲਸ ਵੈਰੀਫਿਕੇਸ਼ਨ ਵੀ ਨਹੀਂ ਹੁੰਦੀ । ਜਿਸ ਕਾਰਨ ਅਪਰਾਧਿਕ ਕਿਸਮ ਦੇ ਲੋਕ ਵੀ ਪੁਲਿਸ ਦੀ ਢਿੱਲ ਕਾਰਨ ਕਿਰਾਏ ਦੇ ਫਲੈਟ ਚ ਸ਼ਰਨ ਲੈ ਸਕਦੇ ਹਨ । ਇਸ ਸਮੇਂ ਉਨ੍ਹਾਂ ਇਹ ਵੀ ਦੱਸਿਆ ਕਿ ਵੀਆਈਪੀ ਰੋਡ ਤੇ ਇੰਨੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਦੀ ਪੀਸੀਆਰ ਦੀ ਗਸ਼ਤ ਨਾ ਮਾਤਰ ਹੈ । ਜਿਸ ਕਾਰਨ ਲੋਕ ਖਤਰਾ ਮਹਿਸੂਸ ਕਰਦੇ ਹਨ ।