ਜਿੰਦਗੀ ਦੇ ਅਜੀਬ ਅਤੇ ਗੁੰਝਲਦਾਰ ਰਿਸ਼ਤੇ;ਔਲਾਦ ਬਨਾਮ ਮਾਪੇ!
ਦੁਨੀਆਂ ਦਾ ਦਸਤੂਰ ਹੈ ਅਤੇ ਕੁਦਰਤ ਦਾ ਨਿਯਮ ਵੀ ਹੈ।ਕੱਲ੍ਹ ਕੋਈ ਕਿਸੇ ਹੋਰ ਦਾ ਧੀ ਪੁੱਤ ਸੀ।ਅੱਜ ਉਨ੍ਹਾਂ ਦਾ ਆਪਣਾ ਕੋਈ ਧੀ ਪੁੱਤ ਹੈ।ਕੱਲ੍ਹ ਨੂੰ ਉਨ੍ਹਾਂ ਦੇ ਧੀਆਂ ਪੁੱਤਰਾਂ ਦੇ ਅੱਗੇ ਧੀਆਂ ਪੁੱਤਰ ਹੋ ਜਾਣਗੇ।ਇਹ ਸਭ ਸ੍ਰਿਸ਼ਟੀ ਦਾ ਨਿਯਮ ਹੈ,ਜਿਹੜਾ ਸ੍ਰਿਸ਼ਟੀ ਬਣਨ ਤੋਂ ਲੈ ਕੇ,ਲਗਾਤਾਰ ਜਾਰੀ ਹੈ।ਜਿਸ ਤਰ੍ਹਾਂ,ਪੁਰਾਣੀ ਪੀੜ੍ਹੀ ਤੁਰ ਜਾਂਦੀ ਹੈ।ਉਹਦੀ ਥਾਂ ਤੇ ਨਵੀਂ ਪੀੜ੍ਹੀ ਜਨਮ ਲੈ ਲੈਂਦੀ ਹੈ।ਇਹਦੇ ਸਬੰਧ ਚ,ਗੁਰਬਾਣੀ ਚ ਫ਼ੁਰਮਾਇਆ ਗਿਆ ਹੈ,ਕਿ,
ਫਰੀਦਾ!ਕਿੱਥੇ ਤੈਂਡੇ ਮਾਪੜੇ,ਜਿਨ ਤੂੰ ਜਣਹਿਓ।ਉਹ ਤੇਰੇ ਪਾਸੋਂ ਲੱਦ ਗਏ,ਤੂੰ ਅਜੇ ਨਾ ਪਤੱਣਿਓ!
ਭਾਵ,ਕਿ ਅੱਜ ਤੇਰੇ ਮਾਪੇ ਕਿੱਥੇ ਹਨ।ਉਹ ਤੇਰੇ ਕੋਲੋਂ ਬਹੁਤ ਦੂਰ ਚਲੇ ਗਏ ਹਨ।ਪਰ ਐ ਮਨੁੱਖ!ਤੂੰ ਪ੍ਰਮਾਤਮਾ ਦੇ ਇਸ ਚੱਕਰ ਨੂੰ ਫੇਰ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ।ਅਸਲ ਵਿੱਚ, ਜਨਮ ਅਤੇ ਮਰਨ ਦਾ,ਇਹ ਇੱਕ ਗੁੰਝਲਦਾਰ ਚੱਕਰ ਹੀ ਤਾਂ ਹੈ।
ਜਿਸ ਤਰ੍ਹਾਂ,ਮਨੁੱਖ ਦੇ ਜਨਮ ਅਤੇ ਮਰਨ ਦਾ ਆਪਸ ਵਿੱਚ ਬੜਾ ਗੂੜ੍ਹਾ ਸਬੰਧ ਹੈ।ਉਸੇ ਤਰ੍ਹਾਂ ਔਲਾਦ ਤੇ ਮਾਪਿਆਂ ਦਾ ਵੀ,ਇਹ ਸਬੰਧ ਜੁੱਗਾਂ ਜੁਗਾਂਤਰਾਂ ਤੋਂ ਚਲਦਾ ਆਇਆ ਹੈ ਅਤੇ ਇਹ ਅੱਗੇ ਵੀ ਚੱਲਦਾ ਰਹਿਣਾ ਹੈ।ਕਿਉਂਕਿ,ਇਹਦੇ ਬਿਨਾਂ ਸ੍ਰਿਸ਼ਟੀ ਦੀ ਸਾਰੀ ਕਾਇਨਾਤ ਹੀ ਅਧੂਰੀ ਹੈ।ਇਸ ਲਈ,ਨਾ ਤਾਂ ਜਨਮ ਅਤੇ ਨਾ ਹੀ ਮੌਤ ਦੀ ਪ੍ਰਕਿਰਿਆ,ਕਿਸੇ ਦੇ ਹੱਥ ਵੱਸ ਹੈ ਅਤੇ ਨਾ ਹੀ ਇਸ ਪ੍ਰਕਿਰਿਆ ਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਹੀ ਸ਼ਕਤੀ ਹੈ।ਕਿਉਂਕਿ,ਇਹ ਕੁਦਰਤ ਦੀ ਇੱਕ ਅਟੱਲ ਸਚਾਈ ਹੈ।ਇਸ ਸਿਸਟਮ ਨੇ,ਦਰੱਖਤ ਦੇ ਪੁਰਾਣੇ ਪੱਤਿਆਂ ਦੇ ਵਾਂਗ ਝੜ੍ਹਦੇ ਅਤੇ ਨਵਿਆਂ ਨੇ ਉੱਗਦੇ ਰਹਿਣਾ ਹੈ।ਇਸੇ ਲਈ ਤਾਂ,ਕਿਸੇ ਸ਼ਾਇਰ ਨੇ ਕਿਹਾ ਹੈ,ਕਿ,
ਪਿੱਪਲ ਦੇ ਪੱਤਿਆ ਵੇ,ਕੀ ਖੜ 2 ਲਾਈ ਏ।ਝੜ੍ਹ ਗਏ ਪੁਰਾਣੇ,ਰੁੱਤ ਨਵਿਆਂ ਦੀ ਆਈ ਏ!
ਭਾਵ,ਕਿ ਜਿਸ ਤਰ੍ਹਾਂ,ਦਰੱਖਤ ਦੇ ਪੁਰਾਣੇ ਪੱਤੇ,ਪੱਤਝੜ ਦੇ ਮੌਸਮ ਚ, ਦਰੱਖਤ ਨਾਲੋਂ ਟੁਟ ਜਾਂਦੇ ਹਨ ਅਤੇ ਆਪਣੀ ਹੋਂਦ ਗਵਾ ਲੈਂਦੇ ਹਨ।ਉਸੇ ਤਰ੍ਹਾਂ,ਸੰਸਾਰ ਦਾ ਹਰ ਜੀਵ ਜੰਤੂ, ਆਪਣੇ ਸਮੇਂ ਦੇ ਨਾਲ ਇਸ ਸੰਸਾਰ ਨੂੰ ਅਲਵਿਦਾ ਆਖ ਦਿੰਦਾ ਹੈ।
ਬੇਸ਼ੱਕ,ਮਨੁੱਖ ਆਪਣੇ ਆਪਨੂੰ ਦੁਨੀਆਂ ਦਾ ਸਭ ਤੋਂ ਵੱਧ ਤਾਕਤਵਰ ਅਤੇ ਸਿਆਣਾ ਵੀ ਕਿਉਂ ਨਾ ਸਮਝਣ ਲੱਗ ਪਵੇ।ਪਰ ਮਨੁੱਖ ਦੀ,ਸਭ ਤੋਂ ਵੱਡੀ ਨਾ ਸਮਝੀ ਵੀ ਇਹ ਹੈ,ਕਿ ਉਹ ਮੌਤ ਨੂੰ ਉੱਕਾ ਹੀ ਭੁਲਾ ਦਿੰਦਾ ਹੈ। ਬੇਸ਼ੱਕ,ਦੁਨੀਆਂ ਦੀ ਹਰ ਚੀਜ਼ ਦੇ ਖਤਮ ਹੋਣ ਦੀ ਕੋਈ ਨਾ ਕੋਈ ਸਮਾਂ ਸੀਮਾ ਤਹਿ ਹੁੰਦੀ ਹੈ।ਪਰ ਮੌਤ ਇੱਕ ਅਜਿਹੀ ਅਟੱਲ ਸਚਾਈ ਹੈ,ਜਿਹੜੀ ਦੁਨੀਆਂ ਦੇ ਹਰ ਪ੍ਰਾਣੀ ਨੂੰ,ਇੱਕ ਨਾ ਇੱਕ ਦਿਨ ਆਉਣੀ ਹੀ ਆਉਣੀ ਹੈ।ਪਰ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਤਾਂ ਇਹ ਵੀ ਹੈ,ਕਿ ਇਸ ਮੌਤ ਵਾਰੇ ਕਿਸੇ ਨੂੰ ਭੋਰਾ ਵੀ ਜਾਣਕਾਰੀ ਨਹੀਂ ਹੈ,ਕਿ ਇਸ ਮੌਤ ਦਾ ਸਮਾਂ ਕਿਹੜਾ ਹੈ ਅਤੇ ਇਸਨੇ ਕਦੋਂ ਆਉਣਾ ਹੈ।ਸਭ ਤੋਂ ਵੱਧ ਅਚੰਭੇ ਵਾਲੀ ਗੱਲ ਤਾਂ ਇਹ ਹੈ,ਕਿ ਮਨੁੱਖ,ਆਪਣੀ ਮੌਤ ਵਾਰੇ ਐਨਾ ਅਵੇਸਲਾ ਕਿਉਂ ਹੋ ਚੁੱਕਿਆ ਹੈ।ਮੌਤ ਦੇ ਸਬੰਧ ਚ,ਗੁਰਬਾਣੀ ਚ ਫਰਮਾਇਆ ਗਿਆ ਹੈ,ਕਿ,
ਕਿਆ ਪਤਾ ਕਬ ਮਰੇਂਗੇ,ਕੈਸੀ ਮਰਨੀ ਹੋਏ!
ਭਾਵ,ਕਿ ਮਨੁੱਖ ਨੂੰ ਆਪਣੀ ਮੌਤ ਵਾਰੇ,ਉੱਕਾ ਵੀ ਗਿਆਨ ਨਹੀਂ ਹੈ।ਪਰ ਅਫਸੋਸ!ਕਿ ਮਨੁੱਖ ਦੁਨੀਆਂ ਦੀ ਧਨ ਦੌਲਤ ਅਤੇ ਰਿਸ਼ਤੇ ਨਾਤਿਆਂ ਤੇ ਐਨਾ ਮਾਣ,ਇਉਂ ਕਰਦਾ ਹੈ,ਜਿਵੇਂ ਇਸ ਦੁਨੀਆਂ ਤੋਂ ਕਦੇ ਜਾਣਾ ਹੀ ਨਾ ਹੋਵੇ।ਇਸੇ ਲਈ ਤਾਂ,ਕਿਸੇ ਸ਼ਾਇਰ ਨੇ ਕਿਹਾ ਗਿਆ ਹੈ,ਕਿ,
*ਪਲ ਕਾ ਭਰੋਸਾ ਨਹੀਂ,ਸਮਾਨ ਹਜ਼ਾਰ ਵਰਸ਼ ਕਾ!*
ਜੋ ਕਿ,ਹਰ ਵਿਅਕਤੀ ਦੀ ਜ਼ਿੰਦਗੀ ਦਾ ਕੌੜਾ ਸੱਚ ਹੈ।
ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਜਦੋਂ ਮਨੁੱਖ ਨੇ ਇੱਕ ਦਿਨ ਇੱਥੋਂ ਤੁਰ ਹੀ ਜਾਣਾ ਹੈ,ਤਾਂ ਦੁਨੀਆਂ ਦੀ ਧਨ ਦੌਲਤ ਅਤੇ ਰਿਸ਼ਤੇ ਨਾਤਿਆਂ ਦਾ,ਐਨਾ ਮਾਣ ਤੇ ਹੰਕਾਰ ਕਾਹਦੇ ਲਈ ਹੈ।ਮਨੁੱਖ ਨੂੰ ਛੱਡਕੇ,ਸ੍ਰਿਸ਼ਟੀ ਦਾ ਕੋਈ ਵੀ ਜੀਵ ਜੰਤੂ,ਨਾ ਤਾਂ ਆਪਣੇ ਬੱਚਿਆਂ ਲਈ ਬੇਲੋੜੀ ਕੋਈ ਚੀਜ਼ ਹੀ ਇਕੱਠੀ ਕਰਦਾ ਹੈ ਅਤੇ ਨਾ ਹੀ ਉਨ੍ਹਾਂ ਤੋਂ ਕੋਈ ਉਮੀਦ ਹੀ ਰੱਖਦਾ ਹੈ।ਇੱਥੋਂ ਤੱਕ ਕਿ, ਪੰਛੀ ਤਾਂ ਆਪਣੇ ਬੱਚਿਆਂ ਨੂੰ, ਆਲ੍ਹਣਾ ਤੱਕ ਬਣਾ ਕੇ ਨਹੀਂ ਦਿੰਦੇ।ਪਰ ਉਹ ਆਪਣੇ ਬੱਚਿਆਂ ਨੂੰ ਉੱਡਣਾ ਜ਼ਰੂਰ ਸਿਖਾ ਦਿੰਦੇ ਹਨ।ਜਦੋਂ ਬੱਚੇ ਆਪਣੇ ਆਪ ਜੋਗੇ ਹੋ ਜਾਂਦੇ ਹਨ,ਤਾਂ ਬੱਚੇ ਆਪਣੇ ਚੋਗੇ ਅਤੇ ਆਪਣੇ ਆਲ੍ਹਣੇ ਬਨਾਉਣ ਦੇ,ਆਪ ਸਮਰੱਥ ਵੀ ਹੋ ਜਾਂਦੇ ਹਨ ਅਤੇ ਆਪਣਾ ਜੀਵਨ ਬਸਰ ਕਰਨ ਲਈ,ਇਹ ਸਭ ਕੁੱਝ ਉਨ੍ਹਾਂ ਨੂੰ ਕਰਨਾ ਹੀ ਪੈਂਦਾ ਹੈ। ਕਿਉਂਕਿ,ਉਨ੍ਹਾਂ ਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ,ਕਿ ਇਸ ਸੰਸਾਰ ਚ,ਜਿਸ ਤਰ੍ਹਾਂ ਆਏ ਸੀ,ਉਸੇ ਤਰ੍ਹਾਂ,ਇੱਥੋਂ ਖਾਲੀ ਹੀ ਚਲੇ ਜਾਣਾ ਹੈ। ਬੇਸ਼ੱਕ,ਅਸੀਂ ਪੰਛੀਆਂ ਨੂੰ ਜਿੰਨਾ ਮਰਜੀ,ਬੇਸਮਝ ਵੀ ਕਿਉਂ ਨਾ ਆਖ ਦੇਈਏ।ਪੰਛੀਆਂ ਦੇ ਵਾਰੇ,ਕਿਸੇ ਸ਼ਾਇਰ ਨੇ ਲਿਖਿਆ ਹੈ,ਕਿ,
ਪੱਲ੍ਹੇ ਰਿਜ਼ਕ ਨਾ ਬੰਨ੍ਹਦੇ,ਪੰਛੀ ਤੇ ਦਰਵੇਸ਼!
ਪਰ ਇਹਦੇ ਉਲਟ,ਮਨੁੱਖ ਐਨਾ ਸਮਝਦਾਰ ਅਤੇ ਗੁਣੀ ਗਿਆਨੀ ਹੋ ਕੇ ਵੀ,ਸਾਰੀ ਉਮਰ ਧਨ ਦੌਲਤ ਦੀਆਂ ਪੰਡਾਂ ਬੰਨ੍ਹੀ ਜਾਂਦਾ ਹੈ।ਜਦੋਂ ਕਿ,ਮਰਨ ਵੇਲੇ ਇਸ ਸੰਸਾਰ ਤੋਂ ਖਾਲੀ ਹੱਥ ਹੀ ਜਾਣਾ ਹੁੰਦਾ ਹੈ।
ਮੁੱਕਦੀ ਗੱਲ ਤਾਂ ਇਹ ਹੈ,ਕਿ ਮਾਪੇ ਅਤੇ ਔਲਾਦ ਦਾ ਰਿਸ਼ਤਾ,ਬੜਾ ਅਜ਼ੀਬ ਵੀ ਹੈ ਅਤੇ ਅਟੁੱਟ ਵੀ ਹੈ। ਮਨੁੱਖ ਨੂੰ ਆਪਣੀ ਮੌਤ ਦੇ ਵਾਰੇ ਪੂਰਾ ਗਿਆਨ ਵੀ ਹੈ।ਪਰ ਅਫਸੋਸ!ਕਿ ਮਨੁੱਖ ਸਭ ਕੁੱਝ ਜਾਣਦਾ ਹੋਇਆ ਵੀ ਅਣਜਾਣ ਬਣਿਆ ਬੈਠਾ ਹੈ।ਆਪਣੀ ਔਲਾਦ ਲਈ,ਧਨ ਦੌਲਤ ਦੀਆਂ ਬੇਸ਼ੁਮਾਰ ਪੰਡਾਂ ਬੰਨ੍ਹੀ ਜਾਂਦਾ ਹੈ।ਦੂਜੇ ਦਾ ਹੱਕ ਮਾਰੀ ਜਾਂਦਾ ਹੈ।ਧਨ ਦੌਲਤ ਲਈ,ਆਪਣੇ ਆਪਨੂੰ ਕਾਨੂੰਨ ਅਤੇ ਆਪਣੀ ਜ਼ਮੀਰ ਦਾ ਦੋਸ਼ੀ ਵੀ ਬਣਾ ਲੈਂਦਾ ਹੈ,ਤਾਂ ਕਿ ਉਹਦੀ ਔਲਾਦ ਸੁਖੀ ਰਹੇ।ਅਗਰ ਕੋਈ ਧੀ ਜਾਂ ਪੁੱਤਰ, ਉਹਦੀ ਸੇਵਾ ਨਹੀਂ ਕਰਦਾ।ਉਹਦਾ ਆਗਿਆਕਾਰੀ ਨਹੀਂ ਹੁੰਦਾ,ਤਾਂ ਮਾਪੇ ਦੁਖੀ ਹੋ ਜਾਂਦੇ ਹਨ।ਅਜੋਕੇ ਦੌਰ ਦੇ ਮਾਪੇ,ਆਪਣੇ ਬੱਚਿਆਂ ਨੂੰ ਸਮਾਂ ਅਤੇ ਸੰਸਕਾਰ ਦੇਣ ਦੀ ਵਜਾਏ,ਬੇਸ਼ੁਮਾਰ ਧਨ ਦੌਲਤ ਦੇਣ ਚ ਲੱਗੇ ਹੋਏ ਹਨ।ਇਹੋ ਕਾਰਨ ਹੈ,ਕਿ ਮਾਪੇ ਸਾਰੀ ਉਮਰ ਧਨ ਦੌਲਤ ਇਕੱਠਾ ਕਰਨ ਚ ਹੀ ਗੁਜਾਰ ਦਿੰਦੇ ਹਨ।ਦੂਜੇ ਪਾਸੇ,ਉਨ੍ਹਾਂ ਦੀ ਵਿਗੜੀ ਹੋਈ ਔਲਾਦ,ਉਸ ਬੇਸ਼ੁਮਾਰ ਇਕੱਠੀ ਕੀਤੀ ਧਨ ਦੌਲਤ ਨੂੰ,
ਚੋਰਾਂ ਦਾ ਮਾਲ,ਡਾਂਗਾਂ ਦੇ ਗਜ਼!
ਦੇ ਭਾਅ ਲੁਟਾ ਦਿੰਦੀ ਹੈ। ਕਿਉਂਕਿ,ਮੁਫ਼ਤ ਚ ਮਿਲੀ ਹੋਈ ਧਨ ਦੌਲਤ ਦੀ,ਬੱਚਿਆਂ ਨੂੰ ਕੋਈ ਕਦਰ ਵੀ ਤਾਂ ਨਹੀਂ ਹੁੰਦੀ।ਅਜਿਹੇ ਹਾਲਾਤਾਂ ਚ,ਜਿਉਂਦੇ ਜੀਅ ਮਾਪੇ ਝੂਰਦੇ ਹੀ ਰਹਿੰਦੇ ਹਨ।ਮਾਪੇ,ਪਹਿਲਾਂ ਸਾਰੀ ਉਮਰ ਧਨ ਦੌਲਤ,ਇਕੱਠੀ ਕਰਨ ਵੇਲੇ ਦੁਖੀ ਹੁੰਦੇ ਰਹਿੰਦੇ ਹਨ।ਫਿਰ ਔਲਾਦ ਵੱਲੋਂ,ਅੱਖਾਂ ਸਾਹਮਣੇ ਕੌਡੀਆਂ ਦੇ ਭਾਅ ਲੁਟਾਈ ਜਾਂਦੀ ਧਨ ਦੌਲਤ ਨੂੰ ਵੇਖਕੇ,ਆਪਣੇ ਮਰਨ ਤੱਕ ਦੁਖੀ ਹੋਈ ਜਾਂਦੇ ਹਨ।ਇਉਂ ਇਹ ਸਿਲਸਿਲਾ,ਸਾਰੀ ਜ਼ਿੰਦਗੀ ਇਉਂ ਹੀ ਚੱਲਦਾ ਰਹਿੰਦਾ ਹੈ।ਜਿਸ ਗਲਤੀ ਨੂੰ,ਆਪੂੰਂ ਅਤੇ ਲੋੜ ਤੋਂ ਜ਼ਿਆਦਾ ਸਿਆਣੇ ਬਣੇ ਮਨੁੱਖ ਨੂੰ,ਬੇਹੱਦ ਸਮਝਣ ਦੀ ਲੋੜ ਹੈ,ਤਾਂ ਕਿ ਬਾਅਦ ਚ ਪਛਤਾਉਣਾ ਨਾ ਪਵੇ।