– ਹੁਣ ਅਗਲਾ ਹੰਭਲਾ ਯੂਰੀਆ ਖਾਦ ਦੀ ਬੇਲੋੜੀ ਵਰਤੋਂ ਰੋਕਣ ਵੱਲ
-ਕਿਸਾਨ ਝੋਨੇ ਵਿੱਚ 3.15 ਲੱਖ ਟਨ ਬੇਲੋੜੀ ਯੂਰੀਆ ਖਾਦ ਪਾ ਕੇ 200 ਕਰੋੜ ਰੁਪਏ ਅਜਾਈਂ ਖ਼ਰਚ ਰਹੇ ਹਨ
ਚੰਡੀਗੜ, 17 ਜੁਲਾਈ (ਵਿਸ਼ਵ ਵਾਰਤਾ) : ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਲੁਆਈ ਦੌਰਾਨ ਲੋੜ ਅਨੁਸਾਰ ਡੀ.ਏ.ਪੀ. ਖਾਦ ਦੀ ਵਰਤੋਂ ਕਰਨ ਦਾ ਸੁਨੇਹਾ ਕਾਰਗਰ ਸਿੱਧ ਹੋਇਆ ਹੈ। ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਨੇ ਪਿਛਲੇ ਵਰੇ ਦੇ ਮੁਕਾਬਲਤਨ ਡੀ.ਏ.ਪੀ. ਖਾਦ 29 ਫ਼ੀਸਦੀ ਘੱਟ ਵਰਤੀ ਹੈ। ਮਿਸ਼ਨ ਤੰਦੁਰਸਤ ਪੰਜਾਬ ਤਹਿਤ ਹੁਣ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਖ਼ਰਚੇ ਘਟਾਉਣ ਅਤੇ ਵੱਧ ਝਾੜ ਲੈਣ ਲਈ ਝੋਨੇ ਵਿੱਚ ਸਮੇਂ ਸਿਰ ਅਤੇ ਸਿਫ਼ਾਰਿਸ਼ ਮਿਕਦਾਰ ਅਨੁਸਾਰ ਹੀ ਯੂਰੀਆ ਖਾਦ ਪਾਉਣ ਦੀ ਅਪੀਲ ਕੀਤੀ ਹੈ।
ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਹਰ ਵਰੇ 85,000 ਟਨ ਡੀ.ਏ.ਪੀ. ਖਾਦ ਦੀ ਵਰਤੋਂ ਕਰਦੇ ਸਨ ਪਰ ਤੰਦਰੁਸਤ ਮਿਸ਼ਨ ਤਹਿਤ ਕੈਂਪਾਂ, ਪਿੰਡਾਂ ਦੇ ਦੌਰਿਆਂ ਅਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਜਾਗਰੂਕ ਹੋਏ ਕਿਸਾਨਾਂ ਨੇ ਇਸ ਵਾਰ ਡੀ.ਏ.ਪੀ. ਖਾਦ 29 ਫ਼ੀਸਦੀ ਘੱਟ ਵਰਤੀ ਹੈ, ਜੋ ਸਲਾਹੁਣਯੋਗ ਕਦਮ ਹੈ। ਉਨ•ਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀ ਫ਼ਸਲ ਲਈ ਕੇਵਲ ਦੋ ਥੈਲੇ ਨੀਮ ਕੋਟਿਡ ਯੂਰੀਆ ਖਾਦ ਦੀ ਸਿਫ਼ਾਰਿਸ਼ ਕੀਤੀ ਹੈ। ਜੇ ਝੋਨੇ ਦੀ ਲੁਆਈ ਤੋਂ ਪਹਿਲਾਂ ਜੰਤਰ/ਮੂੰਗੀ ਦੀ ਫ਼ਸਲ ਬਤੌਰ ਹਰੀ ਖਾਦ ਖੇਤ ਵਿੱਚ ਉਗਾਈ ਹੋਵੇ ਤਾਂ ਯੂਰੀਆ ਖਾਦ ਦੇ ਕੇਵਲ ਇੱਕ ਤੋਂ ਡੇਢ ਥੈਲੇ ਹੀ ਲੋੜੀਂਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਨੀਰ ਲਾਉਣ ਤੋਂ ਕੇਵਲ 45 ਦਿਨਾਂ ਦੇ ਅੰਦਰ ਹੀ ਯੂਰੀਆ ਖਾਦ ਪਾਉਣ ਕਿਉਂ ਜੋ ਇਸ ਤੋਂ ਬਾਅਦ ਯੂਰੀਆ ਪਾਉਣ ਦਾ ਕੋਈ ਲਾਭ ਨਹੀਂ। ਜੇ ਸਿਫ਼ਾਰਿਸ਼ ਤੋਂ ਜ਼ਿਆਦਾ ਅਤੇ 45 ਦਿਨਾਂ ਬਾਅਦ ਯੂਰੀਆ ਖਾਦ ਪਾਈ ਜਾਂਦੀ ਹੈ ਤਾਂ ਹਾਨੀਕਾਰਕ ਕੀੜਿਆਂ ਖ਼ਾਸਕਰ ਤੇਲਾ ਅਤੇ ਹੋਰ ਬੀਮਾਰੀਆ ਫੈਲਦੀਆਂ ਹਨ ਅਤੇ ਕਿਸਾਨਾਂ ਦਾ ਨਾ ਕੇਵਲ ਖ਼ਰਚਾ ਵਧਦਾ ਹੈ, ਸਗੋਂ ਫ਼ਸਲ ਦਾ ਝਾੜ ਵੀ ਘਟਦਾ ਹੈ। ਇਥੇ ਹੀ ਬੱਸ ਨਹੀਂ ਇਸ ਨਾਲ ਧਰਤੀ ਅਤੇ ਵਾਤਾਵਰਣ ਵਿੱਚ ਜ਼ਹਿਰਾਂ ਦੀ ਮਿਕਦਾਰ ਵੀ ਵਧਦੀ ਹੈ। ਉਨ•ਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਯੂਰੀਆ ਪਾਉਣ ਵੇਲੇ ਖੇਤ ਵਿੱਚ ਪਾਣੀ ਬਿਲਕੁਲ ਘਟਾ ਦਿਉ ਅਤੇ ਯੂਰੀਆ ਪਾਉਣ ਤੋਂ ਤੀਜੇ ਦਿਨ ਪਾਣੀ ਲਾਉ।
ਸ੍ਰੀ ਪੰਨੂੰ ਨੇ ਦੱਸਿਆ ਕਿ ਨਵੀਆਂ ਤਕਨੀਕਾਂ ਅਤੇ ਵੱਧ ਫ਼ਸਲੀ ਘਣਤਾ ਕਰਕੇ ਇੱਕ ਫ਼ਸਲ ਤੋਂ ਵੱਧ ਤੋਂ ਵੱਧ ਝਾੜ ਲੈਣ ਦੀ ਮਨਸ਼ਾ ਤਹਿਤ ਕਿਸਾਨਾਂ ਵੱਲੋਂ ਵੱਖ-ਵੱਖ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕਿਸਾਨ ਉਤਪਾਦਨ ਵਧਾਉਣ ਤੇ ਇੱਕ-ਦੂਜੇ ਦੀ ਦੇਖਾ-ਦੇਖੀ ਖਾਦਾਂ ਦੀ ਬੇਲੋੜੀ ਵਰਤੋਂ ਕਰ ਰਹੇ ਹਨ। ਰਾਜ ਵਿੱਚ ਸਾਉਣੀ ਦੌਰਾਨ ਦੌਰਾਨ 30.65 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਜਿਸ ਵਿੱਚੋਂ 25.19 ਲੱਖ ਹੈਕਟੇਅਰ ਰਕਬੇ ਹੇਠ ਪਰਮਲ ਝੋਨਾ ਅਤੇ 5.46 ਲੱਖ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ। ਸਾਉਣੀ ਦੌਰਾਨ 12.5 ਲੱਖ ਟਨ ਯੂਰੀਆ ਖਾਦ ਦੀ ਖਪਤ ਹੁੰਦੀ ਹੈ ਜਿਸ ਵਿੱਚੋਂ 10 ਲੱਖ ਟਨ ਝੋਨੇ ਦੀ ਫ਼ਸਲ ਵਿੱਚ ਵਰਤੀ ਜਾਂਦੀ ਹੈ। ਜੇ ਕਿਸਾਨ ਵੱਧ ਝਾੜ ਲੈਣ ਦੇ ਚੱਕਰ ਵਿੱਚ ਸਿਫ਼ਾਰਿਸ਼ ਤੋਂ ਉਲਟ, 3 ਤੋਂ 5 ਥੈਲੇ ਯੂਰੀਆ ਪ੍ਰਤੀ ਏਕੜ ਵਰਤਦੇ ਹਨ ਤਾਂ ਇਸ ਦਾ ਸਿੱਧਾ-ਸਿੱਧਾ ਭਾਵ ਹੈ ਕਿ ਕਿਸਾਨ ਝੋਨੇ ਦੀ ਫ਼ਸਲ ਵਿੱਚ 3.15 ਲੱਖ ਟਨ ਯੂਰੀਆ ਖਾਦ ਬੇਲੋੜੀ ਪਾ ਰਹੇ ਹਨ, ਜਿਸ ਨਾਲ 200 ਕਰੋੜ ਰੁਪਏ ਬਿਨਾਂ ਲੋੜ ਤੋਂ ਕਿਸਾਨਾਂ ਦੀ ਜੇਬ ਵਿੱਚੋਂ ਖ਼ਰਚ ਹੋ ਰਹੇ ਹਨ।
ਉਨ•ਾਂ ਦੱਸਿਆ ਕਿ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਝੋਨੇ ਦੀ ਫ਼ਸਲ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਲਈ ਖੇਤੀਬਾੜੀ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਖਾਦਾਂ ਦੀ ਸੁਚੱਜੀ ਵਰਤੋਂ ਵਾਸਤੇ ਕਿਸਾਨਾਂ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਹਿੱਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਕਿਸਾਨ ਸਿਖਲਾਈ ਕੈਂਪ, ਕਿਸਾਨ ਗੋਸ਼ਟੀਆਂ, ਮਾਹਰਾਂ ਵੱਲੋਂ ਪਿੰਡਾਂ ਦੇ ਦੌਰੇ, ਯੂਰੀਆ ਖਾਦ ਦੀ ਵਰਤੋਂ ਸਬੰਧੀ ਪੈਂਫ਼ਲੇਟ, ਪੋਸਟਰ ਤੇ ਫ਼ਲੈਕਸ ਬੋਰਡ ਅਤੇ ਅਖ਼ਬਾਰਾਂ, ਟੀ. ਵੀ. ਤੇ ਰੇਡੀਉ ਰਾਹੀਂ ਪ੍ਰਚਾਰ ਆਦਿ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਝੋਨੇ ਵਿੱਚ ਸਿਫਾਰਿਸ਼ ਕੀਤੀ ਯੂਰੀਆ ਖਾਦ ਵਰਤ ਕੇ ਘੱਟ ਖ਼ਰਚੇ ਨਾਲ ਵੱਧ ਮੁਨਾਫ਼ਾ ਲੈ ਸਕਣ।