ਚੰਡੀਗੜ੍ਹ, 17 ਦਸੰਬਰ:(ਵਿਸ਼ਵ ਵਾਰਤਾ ) ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਿਊਂਸਿਪਲ ਚੋਣਾਂ ਵਿੱਚ ਅਕਾਲੀਆਂ ਵੱਲੋਂ ਕੁਝ ਇਲਾਕਿਆਂ ’ਚ ਧਮਕੀਆਂ, ਹਿੰਸਾ ਅਤੇ ਅਫਵਾਹਾਂ ਫੈਲਾ ਕੇ ਚੋਣ ਪ੍ਰਕਿਰਿਆ ਵਿੱਚ ਅੜਿੱਕਾ ਡਾਹੁਣ ਦੀਆਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਚੋਣਾਂ ਨੂੰ ਨਿਰਵਿਘਨ ਅਤੇ ਪ੍ਰਭਾਵਸ਼ਾਲੀ ਮਤਦਾਨ ਨਾਲ ਯਕੀਨੀ ਬਣਾਉਣ ਲਈ ਲੋਕਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਵੋਟਾਂ ਪੈਣ ਦਾ ਕੰਮ ਖਤਮ ਹੋਣ ਦੌਰਾਨ ਇਕ ਬਿਆਨ ਰਾਹੀਂ ਸ੍ਰੀ ਜਾਖੜ ਨੇ ਆਖਿਆ ਕਿ ਅਕਾਲੀਆਂ ਨੇ ਕੁਝ ਬੂਥਾਂ ਖਾਸਕਰ ਕਾਂਗਰਸ ਦਾ ਗੜ੍ਹ ਮੰਨੇ ਜਾਣ ਵਾਲੇ ਇਲਾਕਿਆਂ ਵਿੱਚ ਵੋਟਰਾਂ ਨੂੰ ਡਰਾਉਣ-ਧਮਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਕਾਲੀ ਆਪਣੀਆਂ ਇਨ੍ਹਾਂ ਚਾਲਾਂ ਵਿੱਚ ਕਾਮਯਾਬ ਨਾ ਹੋ ਸਕੇ। ਉਨ੍ਹਾਂ ਆਖਿਆ ਕਿ ਇੱਧਰ-ਉੱਧਰ ਹਿੰਸਾ ਭੜਕਾਉਣ ਤੋਂ ਇਲਾਵਾ ਅਕਾਲੀਆਂ ਨੇ ਵੋਟਰਾਂ ਨੂੰ ਵੋਟ ਪਾਉਣ ਤੋਂ ਦੂਰ ਰੱਖਣ ਲਈ ਅਫਵਾਹਾਂ ਫੈਲਾਉਣ ਦੀ ਵੀ ਕੋਸ਼ਿਸ਼ ਕੀਤੀ। ਜਾਖੜ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸਥਿਤੀ ਨੂੰ ਕਾਬੂ ਹੇਠ ਰੱਖਣ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਕੀਤੀਆਂ ਗਈਆਂ ਸਨ। ਸ੍ਰੀ ਜਾਖੜ ਨੇ ਵਿਰੋਧੀਆਂ ਦੀਆਂ ਭੜਕਾੳੂ ਕਾਰਵਾਈਆਂ ਦਾ ਸਾਹਮਣਾ ਕਰਕੇ ਵੀ ਸ਼ਾਂਤੀ ਬਣਾਈ ਰੱਖਣ ਲਈ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ। ਜਾਖੜ ਨੇ ਆਖਿਆ ਕਿ ਇਕ ਪਿਛਲੇ ਇਕ ਦਹਾਕੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਚੋਣਾਂ ਪੂਰੀ ਤਰ੍ਹਾਂ ਆਜ਼ਾਦਾਨਾ ਅਤੇ ਜਮਹੂਰੀ ਢੰਗ ਨਾਲ ਹੋਈਆਂ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੇ 10 ਸਾਲ ਦੇ ਸ਼ਾਸਨ ਕਾਲ ਦੌਰਾਨ ਚੋਣਾਂ ਜਿੱਤਣ ਲਈ ਧੱਕੇਸ਼ਾਹੀ ਦੀ ਅੰਨ੍ਹੇਵਾਹ ਵਰਤੋਂ ਕੀਤੀ। ਉਨ੍ਹਾਂ ਆਖਿਆ ਕਿ ਅਕਾਲੀਆਂ ਦੀ ਸਰਕਾਰ ਦੌਰਾਨ ਵੋਟਰਾਂ ਅਤੇ ਸਿਆਸੀ ਵਿਰੋਧੀਆਂ ਨੂੰ ਡਰਾਉਣ-ਧਮਕਾਉਣ ਲਈ ਪੁਲਿਸ ਫੋਰਸ ਦੀ ਦੁਰਵਰਤੋਂ ਕਰਨਾ ਆਮ ਵਰਤਾਰਾ ਸੀ। ਕਾਂਗਰਸ ਪ੍ਰਧਾਨ ਨੇ ਆਖਿਆ ਕਿ ਅਕਾਲੀ ਦਲ ਅਜੇ ਇਸ ਸਚਾਈ ਤੋਂ ਉੱਭਰ ਕੇ ਹੀ ਬਾਹਰ ਨਹੀਂ ਆਇਆ ਕਿ ਉਹ ਹੁਣ ਸੱਤਾ ਵਿੱਚ ਨਹੀਂ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਪਟਿਆਲਾ, ਜਲੰਧਰ ਅਤੇ ਅੰਮਿ੍ਰਤਸਰ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਿਰੋਧੀਆਂ ਦੀ ਧਮਕੀਆਂ ਦੀ ਪ੍ਰਵਾਹ ਨਾ ਕਰਦਿਆਂ ਵੱਡੀ ਗਿਣਤੀ ਵਿੱਚ ਆਪਣੀ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਅਕਾਲੀਆਂ ਨੂੰ ਆਪਣੀ ਸਪੱਸ਼ਟ ਹਾਰ ਨਜ਼ਰ ਆਉਣ ਦੇ ਬਾਵਜੂਦ ਉਨ੍ਹਾਂ ਨੇ ਹਰ ਹੀਲੇ ਵੋਟਾਂ ਹਥਿਆਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹਾਲਾਂਕਿ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ।