ਗੁਰਦਾਸਪੁਰ 9 ਮਈ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਪਾਰਲੀਮਾਨੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਪਣੇ ਵਿਰੋਧੀ ਭਾਜਪਾ ਦੇ ਉਮੀਦਵਾਰ ਅਤੇ ਫਿਲਮੀ ਐਕਟਰ ਸੰਨੀ ਦਿਓਲ ਨੂੰ ਸਵਾਲ ਕੀਤਾ ਕਿ ਜੇ ਉਹ ਚੋਣਾਂ ਹਾਰ ਗਏ ਤਾਂ ਕੀ ਫਿਰ ਵੀ ਉਹ ਗੁਰਦਾਸਪੁਰ ਵਿੱਚ ਰਹਿਣਗੇ?
ਸੰਨੀ ਦਿਓਲ ਦੇ ਉਸ ਬਿਆਨ ਤੇ, ਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਵਚਨ ਦਿੰਦੇ ਹਨ ਕਿ ਗੁਰਦਾਸਪੁਰ ਦੇ ਵਿਕਾਸ ਦੇ ਪ੍ਰੋਗਰਾਮ ਉਲੀਕਣਗੇ, ਜਾਖੜ ਨੇ ਪ੍ਰਤੀਕਰਮ ਦਿੰਦਿਆਂ ਸੰਨੀ ਨੂੰ ਸਵਾਲ ਕੀਤਾ ਕਿ ਜੇਕਰ ਤੁਸੀਂ ਹਾਰ ਗਏ ਤਾਂ ਕੀ ਫਿਰ ਵੀ ਤੁਸੀਂ ਇੱਥੇ ਰਹੋਗੇ ?
ਜਾਖੜ ਨੇ ਕਿਹਾ ਕਿ ਚੋਣਾਂ ਵਿੱਚ ਕੋਈ ਵੀ ਇਹ ਮੰਨ ਕੇ ਨਹੀਂ ਚੱਲ ਸਕਦਾ ਕਿ ਲੋਕ ਉਸ ਨੂੰ ਜਿਤਾ ਹੀ ਦੇਣਗੇ, ਬਲਕਿ ਉਸ ਲਈ ਵੋਟਾਂ ਦੀ ਗਿਣਤੀ ਦਾ ਇੰਤਜਾਰ ਕਰਨਾ ਪੈਂਦਾ ਹੈ। ਜਾਖੜ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਕੇਵਲ ਇਸ ਆਧਾਰ ਤੇ ਆਪਣੇ ਪ੍ਰੋਗਰਾਮ ਨਹੀਂ ਉਲੀਕ ਸਕਦਾ ਕਿ ਜੇਕਰ ਉਹ ਜਿੱਤੇਗਾ ਤਾਂ ਹਲਕੇ ਵਿੱਚ ਵਿਕਾਸ ਦੇ ਕਾਰਜ ਕਰੇਗਾ। ਬਲਕਿ ਇਸ ਲਈ ਲੋਕਾਂ ਵਿੱਚ ਸਮਰਪਿਤ ਹੋਣਾ ਪੈਂਦਾ ਹੈ।
ਜਾਖੜ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਲੋਕਾਂ ਨੂੰ ਆਪਣੇ ਜਿੱਤਣ ਤੋਂ ਬਾਅਦ ਦੇ ਪ੍ਰੋਗਰਾਮ ਤਾਂ ਦੱਸ ਰਹੇ ਹਨ, ਪ੍ਰੰਤੂ ਜ਼ਮੀਨੀ ਹਕੀਕਤ ਹੈ ਕਿ ਉਨ੍ਹਾਂ ਦੀ ਜਿੱਤ ਦੇ ਇੱਥੇ ਆਸਾਰ ਨਹੀਂ ਦਿਖ ਰਹੇ। ਇਸ ਕਰਕੇ ਕੀ ਉਹ ਵਚਨ ਦੇਣਗੇ ਕਿ ਜੇਕਰ ਲੋਕਾਂ ਨੇ ਉਨ੍ਹਾਂ ਨੂੰ ਇੱਥੋਂ ਪਾਰਲੀਮੈਂਟ ਵਿੱਚ ਜਾਣ ਲਈ ਫਤਵਾ ਨਾ ਦਿੱਤਾ ਤਾਂ ਵੀ ਉਹ ਇਥੇ ਰਹਿਣਗੇ।
ਪੰਜਾਬ ਕਾਂਗਰਸ ਪ੍ਰਧਾਨ ਨੇ ਦਿਓਲ ਦੇ ਅਕਸਰ ਗੈਰ ਹਾਜ਼ਰ ਰਹਿਣ ਅਤੇ ਕੈਂਪੇਨ ਦੇ ਪ੍ਰੋਗਰਾਮਾਂ ਨੂੰ ਮਿੱਸ ਕਰਨ ਤੇ ਵਿਅੰਗ ਕੱਸਦਿਆਂ ਕਿਹਾ ਕਿ ਮੈਂ ਕਦੇ ਅਜਿਹਾ ਬਾਹਰੋ ਲਿਆਂਦਾ ਉਮੀਦਵਾਰ ਨਹੀਂ ਦੇਖਿਆ ਜੋ ਆਪਣਾ ਕੈਂਪੇਨ ਨਾ ਕਰਕੇ ਦੂਜਿਆਂ ਦਾ ਕੈਂਪੇਨ ਕਰਦਾ ਫਿਰ ਰਿਹਾ ਹੈ ਅਤੇ ਅਕਸਰ ਹੀ ਆਪਣੀਆਂ ਕੈਂਪੇਨ ਮੀਟਿੰਗਾਂ ਤੋਂ ਵੀ ਖੁੰਝ ਜਾਂਦਾ ਹੈ
ਜਾਖੜ ਨੇ ਦਾਅਵਾ ਕੀਤਾ ਕਿ ਭਾਜਪਾ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਸੰਨੀ ਦਿਓਲ ਬਾਰੇ ਲੋਕਾਂ ਨੂੰ ਜ਼ਿਆਦਾ ਨਾ ਪਤਾ ਲੱਗ ਸਕੇ ਨਹੀਂ ਤਾਂ ਉਸਦੀ ਸਿਆਸੀ ਅਗਿਆਨਤਾ ਅਤੇ ਨਾਸਮਝੀ ਬਾਰੇ ਲੋਕਾਂ ਅੱਗੇ ਪੋਲ ਖੁੱਲ ਜਾਏਗੀ ਅਤੇ ਲੋਕਾਂ ਨੂੰ ਭਾਜਪਾ ਦੇ ਧੋਖੇ ਦਾ ਪਤਾ ਲੱਗ ਜਾਵੇਗਾ। ਜਾਖੜ ਨੇ ਕਿਹਾ ਕਿ ਸੰਨੀ ਦਿਓਲ ਦੀ ਅਗਿਆਨਤਾ ਦਾ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਉਸ ਨੂੰ ਬੇਹੱਦ ਜ਼ਰੂਰੀ ਬਾਲਾਕੋਟ ਸਟ੍ਰਾਈਕ ਤੱਕ ਬਾਰੇ ਨਹੀਂ ਪਤਾ ਸੀ ਜਦੋਂ ਕਿ ਪੂਰੇ ਦੇਸ਼ ਵਿੱਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ ਜਿਸਨੂੰ ਬਾਲਾਕੋਟ ਬਾਰੇ ਨਾ ਪਤਾ ਨਾ ਪਤਾ ਹੋਵੇ। ਪਰ ਇੱਥੇ ਇੱਕ ਅਜਿਹਾ ਉਮੀਦਵਾਰ ਮੈਂਬਰ ਪਾਰਲੀਮੈਂਟ ਬਣਨ ਆਇਆ ਹੈ ਜਿਸ ਨੂੰ ਉਸ ਬਾਲਾਕੋਟ ਤੱਕ ਬਾਰੇ ਨਹੀਂ ਪਤਾ ਜਿਸ ਨੂੰ ਲੈ ਕੇ ਉਸਦੀ ਪਾਰਟੀ ਨੇ ਖੂਬ ਹੋ ਹੱਲਾ ਮਚਾਇਆ ਅਤੇ ਵਾਹਵਾਹੀ ਖੱਟਣ ਦੀ ਕੋਸ਼ਿਸ਼ ਕੀਤੀ।