ਚੰਡੀਗਡ਼ – ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖਡ਼ ਨੇ ਬੀਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਨਸਾ ਫੇਰੀ ਦੌਰਾਨ ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ ਵੱਲੋਂ ਕੀਤੇ ਵਿਖਾਵਿਆਂ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ। ਉਨਾਂ ਕਿਹਾ ਕਿ ਇਹ ਵਿਖਾਵੇ ਮਾਲਵੇ ਦੇ ਪ੍ਰਭਾਵਿਤ ਨਰਮਾ ਉਤਪਾਦਕਾਂ ਲਈ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਯਤਨਾਂ ਤੋਂ ਧਿਆਨ ਲਾਂਭੇ ਕਰਨ ਦੀ ਕੋਝੀ ਚਾਲ ਹੈ।
ਸ੍ਰੀ ਜਾਖਡ਼ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਿੱਟੀ ਮੱਖੀ ਤੋਂ ਪ੍ਰਭਾਵਿਤ ਨਰਮਾ ਉਤਪਾਦਕਾਂ ਦੀ ਸਾਰ ਲੈਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਲਾਹੁਣ ਦੀ ਬਜਾਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬੈਨਰ ਹੇਠ ਕੁਝ ਮੁੱਠੀ ਭਰ ਲੋਕਾਂ ਵੱਲੋਂ ਆਪਣੇ ਸਵਾਰਥੀ ਹਿੱਤਾਂ ਖਾਤਰ ਰਾਜਨੀਤਕ ਰੰਗਤ ਦੇਣਾ ਸਮੁੱਚੀ ਕਿਸਾਨੀ ਨਾਲ ਧੋਖਾ ਹੈ।
ਉਨਾਂ ਆਖਿਆ ਕਿ ਕਾਂਗਰਸ ਸਰਕਾਰ ਵੱਲੋਂ ਅਕਾਲੀ ਸਰਕਾਰ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਮੁਸ਼ਕਲਾਂ ਵਿੱਚ ਘਿਰੇ ਕਿਸਾਨਾਂ ਦੀਆਂ ਸਮੱਸਿਆਵਾਂ ਜਾਣਨ ਅਤੇ ਉਨਾਂ ਦੀ ਬਾਂਹ ਫਡ਼ਨ ਲਈ ਕੀਤੇ ਯਤਨਾਂ ਲਈ ਕਿਸਾਨ ਜਥੇਬੰਦੀਆਂ ਪਾਸੋਂ ਸਮਰਥਨ ਦੀ ਆਸ ਸੀ ਪਰੰਤੂ ਕੁਝ ਮੁੱਠੀ ਭਰ ਲੋਕਾਂ ਵੱਲੋਂ ਬੀ.ਕੇ.ਯੂ. ਉਗਰਾਹਾਂ ਦੇ ਨਾਮ ਹੇਠ ਇਨਾਂ ਯਤਨਾਂ ਨੂੰ ਤਾਰਪੀਡੋ ਕਰਨਾ ਸੱਚਮੁੱਚ ਹੀ ਨਿੰਦਣਯੋਗ ਹੈ।
ਸ੍ਰੀ ਜਾਖਡ਼ ਨੇ ਬੀ.ਕੇ.ਯੂ. ਉਗਰਾਹਾਂ ਵੱਲੋਂ ਆਪਣੇ ਇਸ ਵਿਖਾਵੇ ਲਈ ਦਿੱਤੀ ਦਲੀਲ ਕਿ ਉਹ ਮੁੱਖ ਮੰਤਰੀ ਦਾ ਧਿਆਨ ਕਿਸਾਨ ਮੰਗਾਂ ਵੱਲ ਦਿਵਾਉਣਾ ਚਾਹੁੰਦੇ ਸੀ, ਨੂੰ ਪੂਰੀ ਤਰਾਂ ਰੱਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਤਾਂ ਖੁਦ ਉੱਥੇ ਪੁੱਜੇ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਜਾਣਨ ਸਨ ਅਤੇ ਹਰ ਇੱਕ ਦੀ ਪਹੁੰਚ ਵਿੱਚ ਸਨ। ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਬੀ.ਕੇ.ਯੂ. ਉਗਰਾਹਾਂ ਵੱਲੋਂ ਦਿੱਤੇ ਮੰਗ ਪੱਤਰ ਨੂੰ ਸਵੀਕਾਰ ਕੀਤਾ ਸੀ ਅਤੇ ਉਹ ਯਕੀਨਨ ਉਨਾਂ ਦੀਆਂ ਮੰਗਾਂ ’ਤੇ ਬਣਦੀ ਕਾਰਵਾਈ ਕਰਨਗੇ।
ਉਨਾਂ ਆਖਿਆ ਕਿ ਕਾਂਗਰਸ ਸਰਕਾਰ ਵੱਲੋਂ ਰਾਜ ਨੂੰ ਦਰਪੇਸ਼ ਗੰਭੀਰ ਵਿੱਤੀ ਔਕਡ਼ਾਂ ਦੇ ਬਾਵਜੂਦ ਆਪਣੇ ਵਿੱਤ ਤੋਂ ਬਾਹਰ ਜਾ ਕੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਮੁਤਾਬਕ ਆਰਥਿਕ ਸੰਕਟ ਦਾ ਸ਼ਿਕਾਰ ਛੋਟੇ ਅਤੇ ਹਾਸ਼ੀਏ ’ਤੇ ਜਾ ਚੁੱਕੇ ਕਿਸਾਨਾਂ ਨੂੰ ਰਾਹਤ ਦੇਣ ਲਈ ਕਰਜ਼ਾ ਮੁਆਫ਼ੀ ਦਾ ਐਲਾਨ ਕੀਤਾ ਗਿਆ ਹੈ ਪਰ ਸੌਡ਼ੀ ਰਾਜਨੀਤੀ ਦੀਆਂ ਸ਼ਿਕਾਰ ਬੀ.ਕੇ.ਯੂ. ਉਗਰਾਹਾਂ ਵਰਗੀਆਂ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੇ ਵਿਰੋਧੀ ਆਪਣੇ ਨਿੱਜੀ ਸੁਆਰਥਾਂ ਨੂੰ ਉਭਾਰਨ ਲਈ ਸਰਕਾਰ ਦੇ ਇਨਾਂ ਸਾਰਥਿਕ ਯਤਨਾਂ ਨੂੰ ਸਫ਼ਲ ਨਾ ਹੋਣ ਦੇਣ ਲਈ ਵਾਹ ਲਾਉਣ ’ਤੇ ਤੁਲੇ ਹੋਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤਕ ਬਦਲੇਖੋਰੀ ਦੇ ਇਲਜ਼ਾਮਾਂ ਨੂੰ ਦਰਕਿਨਾਰ ਕਰਦਿਆਂ ਸ੍ਰੀ ਜਾਖਡ਼ ਨੇ ਆਖਿਆ ਕਿ ਅਸਲ ਵਿੱਚ ਅਕਾਲੀ ਦਲ ਨੂੰ ਆਪਣੇ ਇਕ ਦਹਾਕੇ ਦੇ ਰਾਜਕਾਲ ਦੌਰਾਨ ਹਜ਼ਾਰਾਂ ਬੇਕਸੂਰ ਲੋਕਾਂ ’ਤੇ ਕੀਤੇ ਝੂਠੇ ਮੁਕੱਦਮਿਆਂ ਦਾ ਸੱਚ ਲੋਕ ਕਚਹਿਰੀ ਵਿੱਚ ਨੰਗਾ ਹੋਣ ਦਾ ਡਰ ਹੀ ਸਰਕਾਰ ਖਿਲਾਫ਼ ਅਜਿਹੀ ਬਿਆਨਬਾਜ਼ੀ ਕਰਨ ਨੂੰ ਮਜਬੂਰ ਕਰ ਰਿਹਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਅਤੇ ਪਾਰਟੀ ਲੀਡਰਾਂ ਤੇ ਵਰਕਰਾਂ ਨੂੰ ਵਿਰੋਧੀਆਂ ਖਿਲਾਫ਼ ਅਜਿਹੀ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਹੀ ਸਪੱਸ਼ਟਤਾ ਨਾਲ ਰੋਕਿਆ ਹੋਇਆ ਹੈ ਪਰ ਕਾਨੂੰਨ ਗਲਤ ਢੰਗ ਨਾਲ ਕੰਮ ਕਰਨ ਵਾਲੇ ਲੋਕਾਂ ਖਿਲਾਫ਼ ਆਪਣਾ ਕੰਮ ਜ਼ਰੂਰ ਕਰੇਗਾ।
ਪੰਜਾਬ ਕਾਂਗਰਸ ਪ੍ਰਧਾਨ ਨੇ ਹਰੇਕ ਪੰਜਾਬੀ ਨੂੰ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਸਥਾਪਤੀ ਵਿੱਚ ਆਪਣਾ ਯੋਗਦਾਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਸੇ ਵਾਅਦੇ ਨਾਲ ਆਈ ਹੈ ਅਤੇ ਇਸੇ ਨੂੰ ਹੀ ਸਮਰਪਿਤ ਰਹੇਗੀ।
Breaking News: ਹਰਜੋਤ ਸਿੰਘ ਬੈਂਸ ਵੱਲੋਂ ਗ਼ੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਜੰਗ ਦਾ ਐਲਾਨ; ਤਿੰਨ ਐਫ.ਆਈ.ਆਰ. ਦਰਜ
Breaking News: ਹਰਜੋਤ ਸਿੰਘ ਬੈਂਸ ਵੱਲੋਂ ਗ਼ੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਜੰਗ ਦਾ ਐਲਾਨ; ਤਿੰਨ ਐਫ.ਆਈ.ਆਰ. ਦਰਜ ਕੈਬਨਿਟ ਮੰਤਰੀ ਵੱਲੋਂ ਨਾਜਾਇਜ਼ ਖਣਨ...