ਜ਼ਿੰਦਗੀ ਦੇ ਵਿਭਿੰਨ ਰੰਗਾਂ ਦਾ ਸੁਮੇਲ ‘ਸੰਧੂਰਦਾਨੀ’ -ਡਾ.ਰਾਜਵਿੰਦਰ ਕੌਰ
ਚੰਡੀਗੜ੍ਹ,29ਅਗਸਤ(ਵਿਸ਼ਵ ਵਾਰਤਾ)- ਪੰਜਾਬੀ ਕਾਵਿ ਵਿਚ ਰੁਬਾਈ ਦਾ ਇਤਿਹਾਸ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਮੋਹਨ ਸਿੰਘ, ਗਿਆਨੀ ਹੀਰਾ ਸਿੰਘ ਦਰਦ, ਪਿਆਰਾ ਸਿੰਘ ਸਹਿਰਾਈ, ਤਖ਼ਤ ਸਿੰਘ, ਗੁਰਦਿੱਤ ਸਿੰਘ ਕੁੰਦਨ, ਹਜ਼ਾਰਾ ਸਿੰਘ ਗੁਰਦਾਸਪੁਰੀ, ਬਿਸ਼ਨ ਸਿੰਘ ਉਪਾਸ਼ਕ ਅਤੇ ਡਾ. ਜਸਵੰਤ ਸਿੰਘ ਨੇਕੀ ਦੇ ਕਾਵਿ ਸੰਗ੍ਰਹਿਆਂ ਵਿਚਲੀਆਂ ਰੁਬਾਈਆਂ ਤੋਂ ਜਾਣਿਆ ਜਾ ਸਕਦਾ ਹੈ।ਰੁਬਾਈ ਦੀ ਪ੍ਰਕਿਰਤਕ ਸੰਰਚਨਾ ਵਿਚ ਪਹਿਲੀ ਨਾਲੋਂ ਦੂਜੀ, ਦੂਜੀ ਨਾਲੋਂ ਤੀਜੀ ਅਤੇ ਤੀਜੀ ਨਾਲੋਂ ਚੌਥੀ ਪੰਕਤੀ ਉਤਰੋਤਰ ਵਿਕਾਸ ਕਰਦੀ ਜਾਂਦੀ ਹੈ।ਅਖੀਰਲੀ ਪੰਕਤੀ ਇਕ ਸਾਰਗਰਭਿਤ ਪ੍ਰਭਾਵ ਪਾਉਂਦੀ ਹੋਈ ਮੁਕਦੀ ਹੈ। 1 ਭਾਈ ਵੀਰ ਸਿੰਘ ਨੇ ਰੁਬਾਈ ਦੀ ਰਚਨਾ ਬੜੇ ਪ੍ਰਭਾਵਸ਼ਾਲੀ ਰੂਪ ਵਿਚ ਕੀਤੀ ਹੈ।ਉਨ੍ਹਾਂ ਨੇ ਰੁਬਾਈ ਨੂੰ ਅਪਣਾਇਆ ਤੇ ਪ੍ਰਚਲਿਤ ਕੀਤਾ ਹੈ।ਉਨ੍ਹਾਂ ਇਸ ਨੂੰ ਤੁਰਯਾਈ ਦਾ ਨਾਂ ਦਿੱਤਾ ਹੈ।ਆਧੁਨਿਕ ਕਵੀਆਂ ਨੇ ਰੁਬਾਈ ਨੂੰ ‘ਚੌਬਰਗੇ’ ਦਾ ਨਾਂ ਵੀ ਦਿੱਤਾ ਹੈ।ਉਮਰ ਖ਼ਯਾਮ, ਸ਼ੇਖ ਸਾਅਦੀ ਅਤੇ ਹੋਰ ਕਵੀਆਂ ਵੱਲੋਂ ਰਚੀਆਂ ਗਈਆਂ ਰੁਬਾਈਆਂ ਦੇ ਪ੍ਰਭਾਵ ਵਜੋਂ ਬਾਦ ਵਿਚ ਪੰਜਾਬੀ ਕਵਿਤਾ ਦੇ ਖੇਤਰ ਵਿਚ ਰੁਬਾਈ ਦੀ ਸ਼ੁਰੂਆਤ ਹੋਈ ਹੈ।ਉਨ੍ਹਾਂ ਦੀਆਂ ਬਹੁਤੀਆਂ ਰੁਬਾਈਆਂ ਵਿਚ ਪਹਿਲੀ, ਦੂਜੀ ਤੇ ਚੌਥੀ ਪੰਕਤੀ ਦਾ ਤੁਕਾਂਤ ਮੇਲ ਖਾਂਦਾ ਹੈ, ਜਿਵੇਂ :-
ਤੋੜ ਗੁਲਾਬ ਪਸਾਰੀ ਲਿਆਇਆ ਮਲ—ਮਲ ਖੰਡ ਰਲਾਈ।
ਭੀ ਕੁੜੱਤਣ ਰਹੀ ਸੁਆਦ ਵਿਚ ਬਣੀ ਨਾ ਉਹ ਮਠਿਆਈ।
ਮੱਖੀ ਬਣ ਕਣ—ਰਸ ਜੇ ਚੁਣਦਾ ਤੋੜ ਨਾ ਆਬ ਗੁਆਉਂਦਾ,
ਮਾਲੀ ਨਾਲੋਂ ਨੇਹੁੰ ਨਾ ਟੁੱਟਦਾ ਰਸ ਪੀਂਦਾ ਸੁਖਦਾਈ। 2
ਰੁਬਾਈ ਦੇ ਇਤਿਹਾਸ ਨੂੰ ਜਾਨਣ ਦੇ ਨਾਲ—ਨਾਲ ਗੁਰਭਜਨ ਗਿੱਲ ਦੀ ਰੁਬਾਈਆਂ ਦੀ ਪੁਸਤਕ ‘ਸੰਧੂਰਦਾਨੀ’ ਦੇ ਵਿਭਿੰਨ ਰੰਗਾਂ (ਵਿਸ਼ਿਆਂ) ਨੂੰ ਸਮਕਾਲ ਦੇ ਪ੍ਰਸੰਗ ਵਿਚ ਰੱਖ ਕੇ ਵੇਖਣ ਦੀ ਕੋਸ਼ਿਸ਼ ਹਥਲੇ ਖੋਜ ਪਰਚੇ ਵਿਚ ਕੀਤੀ ਗਈ ਹੈ।
ਗੁਰਭਜਨ ਗਿੱਲ ਪੰਜਾਬੀ ਸਾਹਿਤ ਅਤੇ ਕਾਵਿ ਦੇ ਖੇਤਰ ਵਿਚ ਵਿਲੱਖਣ ਪਹਿਚਾਣ ਰੱਖਣ ਵਾਲੀ ਸਖਸ਼ੀਅਤ ਹੈ।ਆਪ ਦੀ ਰੁਬਾਈਆਂ ਦੀ ਪੁਸਤਕ ‘ਸੰਧੂਰਦਾਨੀ’ ਹੈ।ਸੰਧੂਰਦਾਨੀ ਤੋਂ ਭਾਵ ਸੰਧੂਰੀ ਰੰਗ, ਵੇਖਣ ਵਿਚ ਭਾਵੇਂ ਇਕ ਰੰਗ ਨਜ਼ਰ ਆਉਂਦਾ ਹੈ ਪਰ ਇਹ ਬਹੁਤ ਸਾਰੇ ਰੰਗਾਂ ਦੇ ਸੁਮੇਲ ਤੋਂ ਬਣਿਆ ਹੈ।ਇਨ੍ਹਾਂ ਸਾਰੇ ਰੰਗਾਂ ਨਾਲ ਜ਼ਿੰਦਗੀ ਦੀ ਮੂਰਤ ਵਿਚ ਰੰਗ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਹਰ ਤਰ੍ਹਾਂ ਦੇ ਰੰਗ (ਵਿਸ਼ੇ) ਇਸ ਪੁਸਤਕ ਵਿਚ ਸਮੋਏ ਹੋਏ ਹਨ।ਕਿਰਸਾਨੀ ਜੀਵਨ, ਕੁਦਰਤ ਨਾਲ ਪਿਆਰ, ਭਰੂਣ ਹੱਤਿਆ, ਦੇਸ਼—ਭਗਤੀ, ਮਨੁੱਖੀ ਹੋਂਦ ਦਾ ਸੰਕਟ, ਰਾਜਨੀਤੀ ’ਤੇ ਵਿਅੰਗ, ਮਾਂ ਬੋਲੀ ਨਾਲ ਪਿਆਰ, ਆਸ਼ਾਵਾਦੀ ਨਜ਼ਰੀਆ, ਲੋਕ ਸਾਹਿਤ, ਸੂਫ਼ੀ ਕਾਵਿ, ਸਿਸਟਮ ’ਤੇ ਵਿਅੰਗ, ਸਮੇਂ ਦਾ ਮਾਣ ਕਰਨਾ, ਹੰਕਾਰ ਦਾ ਤਿਆਗ ਕਰਨਾ ਅਤੇ ਹੋਰ ਬਹੁਤ ਸਾਰੇ ਵਿਸ਼ੇ ਇਸ ਪੁਸਤਕ ਵਿਚ ਸਹਿਜੇ ਹੀ ਪਛਾਣੇ ਜਾ ਸਕਦੇ ਹਨ।ਇਹ ਗੁਰਭਜਨ ਗਿੱਲ ਦੀ ਪ੍ਰਾਪਤੀ ਹੀ ਕਹੀ ਜਾ ਸਕਦੀ ਹੈ ਕਿ ਉਸ ਨੇ ਸਮੇਂ ਦੀ ਧੂੜ ਵਿਚ ਗੁਆਚ ਗਈ ਸਿਨਫ਼ ਨੂੰ ਪੁਨਰ ਸੁਰਜੀਤੀ ਵਾਂਗ ਲਿਆ ਹੈ ਅਤੇ ਵਸਤੂ ਅਤੇ ਰੂਪਕ ਪੱਖ ਤੋਂ ਸਮਕਾਲ ਦੇ ਮਸਲਿਆਂ ਨੂੰ ਰੁਬਾਈਆਂ ਦੀ ਪੁਸਤਕ ‘ਸੰਧੂਰਦਾਨੀ’ ਵਿਚ ਛੋਹਿਆ ਹੈ।ਗੁਰਭਜਨ ਗਿੱਲ ਇਕ ਸੰਵੇਦਨਸ਼ੀਲ ਸ਼ਾਇਰ ਹੈ।ਉਸ ਨੇ ਆਪਣੀਆਂ ਰੁਬਾਈਆਂ ਵਿਚ ਰਹੱਸ ਦੀ ਜਗ੍ਹਾ ਤੇ ਗੰਭੀਰ ਵਿਸ਼ਿਆਂ ਨੂੰ ਕਟਾਖਸ਼ੀ ਜੁਗਤ ਰਾਹੀਂ ਬਿਆਨ ਕੀਤਾ ਹੈ।
ਸੰਧੂਰਦਾਨੀ ਪੁਸਤਕ ਵਿਚਲੀਆਂ ਰੁਬਾਈਆਂ ਨੂੰ ਇਕ ਵਿਧੀ ਦੇ ਤੌਰ ਤੇ ਲੈ ਕੇ ਸਮਕਾਲੀ ਦ੍ਰਿਸ਼ਟੀਕੋਣ ਨੂੰ ਪ੍ਰਗਟਾਇਆ ਗਿਆ ਹੈ।ਗੁਰਭਜਨ ਗਿੱਲ ਦੀ ਸ਼ਾਇਰੀ ਕੁਦਰਤ ਸੰਗ ਸੰਵਾਦ ਰਚਾਉਂਦੀ ਹੈ ਅਤੇ ਫੁੱਲਾਂ ਦੀ ਮਹਿਕ ਵਾਂਗ ਹਮੇਸ਼ਾਂ ਸਾਡੇ ਅੰਗ—ਸੰਗ ਵੀ ਵਿਚਰਦੀ ਹੈ।ਸੂਰਜ ਦੀ ਸੰਧੂਰਦਾਨੀ ਦੇ ਟੁੱਟਣ ਨਾਲ ਹੀ ਆਸਮਾਨ ਜੋਗੀਆ ਵੇਸ ਧਾਰਦਾ ਹੈ ਪਰ ਚਿੰਤਨ ਕਰਨ ਨਾਲ ਫਿਰ ਸ਼ਬਦ ਸਲਾਮਤ ਰਹਿੰਦੇ ਹਨ ਤੇ ਫੁੱਲਾਂ ਦੀ ਮਹਿਕ ਨਾਲ ਸਾਡਾ ਰਿਸ਼ਤਾ ਬਰਕਰਾਰ ਰਹਿੰਦਾ ਹੈ, ਜਿਵੇਂ:-
ਵੇਖੋ, ਮਹਿਮਾਨ ਬਣ ਖਿੜੇ ਫੁੱਲ ਆਏ ਨੇ।
ਸੁਪਨੇ ਹਸੀਨ ਵੀ ਇਹ ਨਾਲ ਲੈ ਕੇ ਆਏ ਨੇ
ਸੂਰਜ ਦੀ ਜਾਪਦੈ ਸੰਧੂਰਦਾਨੀ ਟੁੱਟ ਗਈ,
ਅੰਬਰਾਂ ਨੇ ਵੇਸ ਤਾਹੀਂ ਜੋਗੀਆ ਬਣਾਏ ਨੇ। (ਸੰਧੂਰਦਾਨੀ, ਪੰਨਾ 16)
ਗੁਰਭਜਨ ਗਿੱਲ ਦਾ ਸਮਾਜ ਪ੍ਰਤੀ ਨਜ਼ਰੀਆ ਆਸ਼ਾਵਾਦੀ, ਭਵਿੱਖਵਾਦੀ ਅਤੇ ਮਾਨਵਵਾਦੀ ਹੈ।ਅਜਿਹੇ ਵਿਚਾਰਾਂ ਦਾ ਪ੍ਰਵਾਹ ਉਨਾਂ ਦੀਆਂ ਰੁਬਾਈਆਂ ਵਿਚ ਆਮ ਵੇਖਿਆ ਜਾ ਸਕਦਾ ਹੈ।ਉਹ ਵੰਡੀਆਂ ਪਾਉਣ ਵਾਲਿਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਵੰਗਾਰਦਾ ਹੋਇਆ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਲੋਕ ਭਾਸ਼ਾ ਅਤੇ ਮੁਹਾਵਰੇ ਵਿਚ ਕਹਿਣ ਦੀ ਮੁਹਾਰਤ ਰੱਖਦਾ ਹੈ।ਸਰਕਾਰਾਂ ਕਿਵੇਂ ਲੋਕਾਂ ਦਾ ਧਿਆਨ ਬੁਨਿਆਦੀ ਸਮੱਸਿਆਵਾਂ ਤੋਂ ਹਟਾ ਕੇ ਉਨ੍ਹਾਂ ਨੂੰ ਲੜਾਈ, ਝਗੜਿਆਂ ’ਚ ਉਲਝਾਈ ਰੱਖਦੀਆਂ ਹਨ ਅਤੇ ਲੋਕ ਚੇਤਨਾ ਨੂੰ ਖੁੰਢਾ ਕਰਦੀਆਂ ਰਹਿੰਦੀਆਂ ਹਨ। 3 ਉਹ ਪੰਜਾਬ ਦੇ ਨੌਜਵਾਨਾਂ ਨੂੰ ਸਾਹਿਤ, ਸਮਾਜ ਅਤੇ ਸਭਿਆਚਾਰ ਨਾਲ ਜੁੜਨ ਲਈ ਕੁਝ ਇਸ ਤਰ੍ਹਾਂ ਵੰਗਾਰਦਾ ਹੈ:-
ਜਿਸ ਧਰਤੀ ਨੂੰ ਵਿੱਸਰ ਜਾਂਦੇ ਆਪਣੇ ਲੋਕ ਲਿਖਾਰੀ।
ਰੋਕ ਨਹੀਂ ਸਕਦਾ ਫਿਰ ਕੋਈ, ਰੁੱਖਾਂ ਦੇ ਮੁੱਢ ਆਰੀ।
ਨਾਨਕ ਸਿੰਘ, ਗੁਰਬਖ਼ਸ਼ ਪ੍ਰੀਤੀ ਡੋਰਾਂ ਜੋੜਨਹਾਰੇ,
ਭੁੱਲਾ ਭੁਲਾ ਗਏ ਪੁੱਤਰ ਧੀਆਂ, ਮੱਤ ਗਈ ਹੈ ਮਾਰੀ। (ਸੰਧੂਰਦਾਨੀ, ਪੰਨਾ 90)
ਗੁਰਭਜਨ ਗਿੱਲ ਬੜੀ ਸੂਖਮ ਦ੍ਰਿਸ਼ਟੀ ਨਾਲ ਸਮੱਸਿਆਵਾਂ ਦੀ ਤਹਿ ਤੱਕ ਪਹੁੰਚ ਜਾਂਦਾ ਹੈ।ਅੱਜ ਦੇ ਸਮੇਂ ਵਿਚ ਜਿਸ ਤਰ੍ਹਾਂ ਆਪਾ—ਧਾਪੀ ਵਾਲਾ ਮਾਹੌਲ ਚੱਲ ਰਿਹਾ ਹੈ।ਅਜਿਹੇ ਮਾਹੌਲ ਵਿਚ ਮਨੁੱਖ ਦੀ ਹੋਂਦ ਦਾ ਸੰਕਟ ਵੀ ਗਹਿਰਾ ਹੁੰਦਾ ਜਾ ਰਿਹਾ ਹੈ।ਮਨੁੱਖ ਆਪਣੇ ਅਸਤਿਤਵ ਦੀ ਭਾਲ ਵਿਚ ਲਗਾਤਾਰ ਭਟਕ ਰਿਹਾ ਹੈ।ਕਵੀ ਨੇ ਆਪਣੀ ਆਪਣੀ ਸ਼ਾਇਰੀ ਵਿਚ ਵੱਡੇ ਪ੍ਰਸ਼ਨ ਉਠਾਏ ਹਨ।ਇਹ ਉਨ੍ਹਾਂ ਦਾ ਸਮਾਜ ਪ੍ਰਤੀ ਫ਼ਿਕਰ ਵੀ ਹੈ।ਉਹ ਦੁਨੀਆਂ ਵਿਚਲੇ ਵਰਗਵੰਡ ਨੂੰ ਰੱਦਦਾ ਹੈ ਤੇ ਨਿੰਦਦਾ ਹੈ ਜਿਹੜੀਆਂ ਮਨੁੱਖ ਵਿਰੋਧੀ, ਇਨਸਾਨ ਵਿਰੋਧੀ ਹਨ।ਇਸ ਤਰ੍ਹਾਂ ਦੀ ਵਿਚਾਰਧਾਰਕ ਪ੍ਰਤਿਭਾ ਦਾ ਪ੍ਰਮਾਣ ਉਸ ਦੀ ਹੇਠ ਲਿਖੀ ਰੁਬਾਈ ਵਿਚ ਦੇਖਿਆ ਜਾ ਸਕਦਾ ਹੈ-
ਅਣਖ ਜਗਾਵੇ ਨਾ ਜੋ, ਉਹ ਵੰਗਾਰ ਨਹੀਂ ਹੁੰਦੀ।
ਚੋਰਾਂ ਨਾਲ ਜੋ ਰਲ ਜੇ, ਉਹ ਸਰਕਾਰ ਨਹੀਂ ਹੁੰਦੀ।
ਹੱਕ, ਸੱਚ, ਇਨਸਾਫ਼ ਤੇ ਡਾਕੇ ਸਿਖ਼ਰ ਦੁਪਹਿਰੇ ਜੇ,
ਵੇਖ ਕੇ ਅੱਖਾਂ ਮੀਟ ਲਵੇ,ਅਖ਼ਬਾਰ ਨਹੀਂ ਹੁੰਦੀ। (ਸੰਧੂਰਦਾਨੀ, ਪੰਨਾ 50)
ਕਵੀ ਲੋਕ ਮਨਾਂ ਵਿਚ ਛੁਪੇ ਹੋਏ ਗੁੱਸੇ ਨੂੰ ਬਿਆਨ ਕਰਦਾ ਹੈ ਅਤੇ ਨਾਲ ਹੀ ਇਨ੍ਹਾਂ ਲੋਕਾਂ ਨੂੰ ਸੱਤਾਧਾਰੀ ਵਰਗ ਦੀ ਗਫ਼ਲਤ ਵਿਚੋਂ ਨਿਕਲ ਕੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੰਗਾਰਦਾ ਹੈ।ਇਸ ਪੱਖ ਤੋਂ ਕਵੀ ਦਾ ਨਜ਼ਰੀਆ ਆਸ਼ਾਵਾਦੀ ਹੈl
ਜੋਦੜੀਆਂ ਦੇ ਨਾਲ, ਮੁਸੀਬਤ, ਉੱਚੇ ਪਰਬਤ ਢਹਿੰਦੇ ਨਹੀਂਓਂ।
ਪਰ ਹਾਲਾਤ ਕਦੇ ਵੀ ਮਿੱਤਰਾਂ ਇੱਕੋ ਜਹੇ ਤਾਂ ਰਹਿੰਦੇ ਨਹੀਂਓਂ।
ਆਸ ਉਮੀਦ ਸਾਨੂੰ ਡੂੰਘੇ ਭਵਸਾਗਰ ਤੋਂ ਪਾਰ ਉਤਾਰਨ,
ਸੂਰਜ ਦੀ ਲਿਸ਼ਕੋਰ ਜੇ ਪੱਲੇ, ਗ਼ਮ ਦੇ ਬੱਦਲ ਰਹਿੰਦੇ ਨਹੀਂਓਂ। (ਸੰਧੂਰਦਾਨੀ, ਪੰਨਾ 32)
ਗੁਰਭਜਨ ਗਿੱਲ ਦੀਆਂ ਰੁਬਾਈਆਂ ਵਿਚ ਗੰਭੀਰ ਵਿਸ਼ੇ ਵੇਖਣ ਨੂੰ ਮਿਲਦੇ ਹਨ।ਉਸ ਦੀ ਪ੍ਰਤੀਬੱਧਤਾ ਆਮ ਲੋਕਾਂ ਪ੍ਰਤੀ ਸਪੱਸ਼ਟ ਵਿਖਾਈ ਦਿੰਦੀ ਹੈ।ਵਰਤਮਾਨ ਸਮੇਂ ਵਿਚ ਪੂਰੇ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਫ਼ਸਲਾਂ ਦਾ ਪੂਰਾ ਭਾਅ ਨਾ ਮਿਲਣ ਕਰਕੇ ਆਰਥਿਕ ਤੌਰ ’ਤੇ ਝੰਬਿਆ ਹੋਇਆ ਪਰਿਵਾਰ ਦਾ ਪਾਲਣ—ਪੋਸ਼ਣ ਕਰਨ ਤੋਂ ਅਸਮੱਰਥ ਹੈ ਅਤੇ ਕਰਜ਼ੇ ਦੀ ਮਾਰ ਹੇਠ ਆਇਆ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ।ਅਜਿਹੇ ਹਾਲਾਤ ਦਾ ਕਰੁਣਾਮਈ ਢੰਗ ਨਾਲ ਪ੍ਰਗਟਾਵਾ ਕੀਤਾ ਗਿਆ ਹੈl
ਮੇਰਾ ਹੈ ਵਡੇਰਾ ਇਹ ਜੋ ਗੱਡੇ ’ਤੇ ਸਵਾਰ ਹੈ।
ਖੇਤਾਂ ਵਾਲਾ ਰਾਜਾ ਹੋ ਕੇ, ਬੜਾ ਅਵਾਜ਼ਾਰ ਹੈ।
ਦਾਣਿਆਂ ਦਾ ਬੋਹਲ ਹੁਣ ਟੱਬਰ ਨਾ ਪਾਲਦਾ,
ਕਰਜ਼ੇ ਦੀ ਪੰਡ ਵੱਡੀ ਸਿਰ ’ਤੇ ਸਵਾਰ ਹੈ। (ਸੰਧੂਰਦਾਨੀ, ਪੰਨਾ 88)
ਅੱਜ ਦੇ ਪੂੰਜੀਵਾਦੀ ਸਮਾਜ ਵਿਚ ਹਰ ਚੀਜ਼ ਦਾ ਮੁੱਲ ਪੈਣ ਲੱਗਿਆ ਹੈ ਤੇ ਰਿਸ਼ਤੇ—ਨਾਤਿਆਂ ਅਤੇ ਕਦਰਾਂ—ਕੀਮਤਾਂ ਵਿਚ ਲਗਾਤਾਰ ਨਿਘਾਰ ਆ ਰਿਹਾ ਹੈ।ਮਨੁੱਖਤਾ ਨਿਲਾਮ ਹੋਣ ਦੀ ਸਥਿਤੀ ਵਿਚ ਪਹੁੰਚ ਚੁੱਕੀ ਹੈ।ਅਮੀਰ—ਗਰੀਬ ਦਾ ਪਾੜਾ ਵੱਧਦਾ ਜਾ ਰਿਹਾ ਹੈ ਅਤੇ ਹਰ ਪਾਸੇ ਪੈਸੇ ਦੀ ਪ੍ਰਧਾਨਤਾ ਹੋ ਰਹੀ ਹੈ।ਅਜਿਹੇ ਵਿਚਾਰਾਂ ਨੂੰ ਪ੍ਰਗਟਾਉਂਦੀ ਰੁਬਾਈ ਹੇਠ ਲਿਖੇ ਅਨੁਸਾਰ ਹੈ-
ਮਨ ਦਾ ਮੋਰ ਉਦਾਸ ਖੜ੍ਹਾ ਹੈ, ਉੱਖੜੇ ਸੁਰ ਤੇ ਸਾਜ਼ ਵਜੱਈਆ।
ਤਪਦੀ ਲੂਅ ਤਨ ਮਨੂਆ ਸਾੜੇ, ਇਕੋ ਜਹੀ ਪੱਛੋਂ ਪੁਰਵਈਆ।
ਧਰਤੀ ਮਾਂ, ਰੰਗਲੀ ਫੁਲਕਾਰੀ ਇਕੋ ਰੰਗ ਵਿਚ ਡੋਬ ਰਹੇ ਨੇ,
ਚੁਸਤ ਵਪਾਰੀ ਬਣੇ ਲਲਾਰੀ, ਬਣਿਆ ਸਭ ਦਾ ਬਾਪ ਰੁਪਈਆ। (ਸੰਧੂਰਦਾਨੀ, ਪੰਨਾ 25)
ਗੁਰਭਜਨ ਗਿੱਲ ਬਹੁਤ ਹੀ ਸੰਵੇਦਨਸ਼ੀਲ ਸ਼ਾਇਰ ਹੈ।ਉਹ ਤਿੰਨ ਮਾਂਵਾਂ ਜਿਨ੍ਹਾਂ ਵਿਚੋਂ ਪਹਿਲੀ ਮਾਂ ਜਿਸ ਨੇ ਉਸ ਨੂੰ ਜਨਮ ਦਿੱਤਾ, ਦੂਜੀ ਮਾਂ ਉਸ ਦੀ ਧਰਤੀ ਮਾਂ ਹੈ ਜਿਸ ਨੇ ਉਸ ਦੇ ਰਹਿਣ—ਸਹਿਣ ਤੇ ਖਾਣ—ਪੀਣ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਅਤੇ ਤੀਜੀ ਮਾਂ ਮਾਂ—ਬੋਲੀ ਹੈ ਜਿਸ ਪ੍ਰਤੀ ਕਵੀ ਸਤਿਕਾਰ ਦੀ ਭਾਵਨਾ ਰੱਖਦਾ ਹੈ ਪਰ ਅਜੋਕੀ ਪੀੜੀ ਇਨ੍ਹਾਂ ਤਿੰਨਾਂ ਰਿਸ਼ਤਿਆਂ ਤੋਂ ਮੁਨਕਰ ਹੋ ਰਹੀ ਹੈ।ਇਨ੍ਹਾਂ ਤਿੰਨਾਂ ਮਾਂਵਾਂ ਦਾ ਸਾਂਝਾ ਦੁੱਖ ਕਵੀ ਨੇ ਆਪਣੀ ਰੁਬਾਈ ਵਿਚ ਪੇਸ਼ ਕੀਤਾ ਹੈ-
ਜੰਮਣਹਾਰੀ ਵਾਂਗਰਾਂ ਧਰਤੀ ਮਾਂ ਦਾ ਹਾਲ।
ਮਾਂ—ਬੋਲੀ ਦਾ ਹੋ ਗਿਆ ਇਸ ਤੋਂ ਮੰਦੜਾ ਹਾਲ।
ਤਿੰਨੇ ਬਹਿ ਕੇ ਝੁਰਦੀਆਂ ਸ਼ਾਮ ਢਲੇ ਤੋਂ ਬਾਦ,
ਪੁੱਤ ਕਿਉਂ ਨਹੀਂ ਪੁੱਛਦੇ ਆ ਕੇ ਸਾਡਾ ਹਾਲ। (ਸੰਧੂਰਦਾਨੀ, ਪੰਨਾ 45)
ਕਵੀ ਪੰਜਾਬੀਅਤ ਦਾ ਸ਼ਾਇਰ ਹੈ।ਉਸ ਦੀਆਂ ਵਿਰਸੇ ਅਤੇ ਵਿਰਾਸਤ ਨਾਲ ਸੰਬੰਧਿਤ ਰੁਬਾਈਆਂ ਪੜ੍ਹ ਕੇ ਪਾਠਕ ਦੇ ਮਨ ਵਿਚ ਨਾ ਕੇਵਲ ਸੁਪਨੇ ਹੀ ਪੈਦਾ ਹੁੰਦੇ ਹਨ ਬਲਕਿ ਸੁਪਨੇ ਉਡਾਰੀਆਂ ਲਾਉਣ ਲਈ ਹਮੇਸ਼ਾ ਤਿਆਰ—ਬਰ—ਤਿਆਰ ਰਹਿੰਦੇ ਹਨ, ਜਿਵੇਂ-
ਏਨੇ ਸਾਰੇ ਫੁੱਲ ਮੇਰੀ ਝੋਲੀ ਪਰਮਾਤਮਾ।
ਕਿਵੇਂ ਸ਼ੁਕਰਾਨਾ ਕਰੇ ਤੇਰਾ ਮੇਰੀ ਆਤਮਾ।
ਇੱਕ ਇੱਕ ਫੁੱਲ ਮੈਂ ਤਾਂ ਵੰਡ ਦੇਵਾਂ ਸਭ ਨੂੰ,
ਧਰਤੀ ਤੋਂ ਕਰਨਾ ਉਦਾਸੀਆਂ ਦਾ ਖ਼ਾਤਮਾ। (ਸੰਧੂਰਦਾਨੀ, ਪੰਨਾ 79)
ਸਮੇਂ ਦੇ ਬਦਲਣ ਨਾਲ ਰੁਬਾਈ ਵਿਚ ਰਹੱਸ ਦੀ ਜਗ੍ਹਾ ਕਟਾਖਸ਼ੀ ਜੁਗਤ ਨੇ ਲੈ ਲਈ ਹੈ।ਅੱਜ ਦੀ ਰਾਜਨੀਤੀ ਅਤੇ ਭ੍ਰਿਸ਼ਟਾਚਾਰ ’ਤੇ ਤਿੱਖਾ ਕਟਾਖਸ਼ ਇਸ ਰੁਬਾਈ ਵਿਚ ਕੀਤਾ ਗਿਆ ਹੈl
ਪਹਿਰੇਦਾਰ ਬਿਨਾਂ ਦਿਨ ਰਾਤੀਂ, ਕੁੰਡੇ ਜੰਦਰੇ ਖੜਕ ਰਹੇ ਨੇ।
ਚੋਰਾਂ ਦੀ ਅੱਖ ਅੰਦਰ ਕੂਕਰ, ਤਾਂਹੀਓਂ ਬਹੁਤੇ ਰੜਕ ਰਹੇ ਨੇ।
ਲੜਦੇ, ਭਿੜਦੇ, ਮਿੱਟੀ ਪੁੱਟਦੇ ਜਿਹੜੇ ਚੋਣ ਜਿਤਾ ਕੇ ਘੱਲੇ,
ਖਾਲਮ ਖਾਲੀ ਸੱਖਣੇ ਭਾਂਡੇ, ਝੱਗੋ ਝੱਗ ਕਿਉਂ ਬੜ੍ਹਕ ਰਹੇ ਨੇ l (ਸੰਧੂਰਦਾਨੀ, ਪੰਨਾ 32 )
ਦੇਸ਼—ਭਗਤੀ ਦੇ ਭਾਵਾਂ ਨਾਲ ਲਬਰੇਜ਼ ਗੁਰਭਜਨ ਗਿੱਲ ਦੀਆਂ ਰੁਬਾਈਆਂ ਸਾਡੇ ਮਨਾਂ ਅੰਦਰ ਇਕ ਵੱਖਰਾ ਜੋਸ਼ ਭਰਦੀਆਂ ਹਨ।ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਦੇਸ਼—ਭਗਤਾਂ ਨੂੰ ਹੇਠ ਲਿਖੀ ਰੁਬਾਈ ਰਾਹੀਂ ਸਿਜ਼ਦਾ ਕੀਤਾ ਗਿਆ ਹੈl
ਭਗਤ ਸਿੰਘ ਜੂਝਦੀ ਹੋਈ ਜ਼ਿੰਦਗੀ ਦਾ ਨਾਮ ਹੈ ਯਾਰੋ।
ਇਹ ਤਖ਼ਤੇ ਫਾਂਸੀਆਂ ਰੱਸੇ, ਜ਼ੁਲਮ ਦੀ ਸ਼ਾਮ ਹੈ ਯਾਰੋ।
ਉਹਦੀ ਬਾਰਾਤ ਵਿਚ ਸਰਬਾਲਿਆਂ ਦਾ ਇਕ ਜੋੜਾ ਸੀ,
ਛਬੀਲੇ ਰਾਜਗੁਰੂ ਸੁਖਦੇਵ ਸੁਣ ਲਓ ਨਾਮ ਸੀ ਯਾਰੋ। (ਸੰਧੂਰਦਾਨੀ, ਪੰਨਾ 19)
ਵਰਤਮਾਨ ਸਮੇਂ ਵਿਚ ਸਭ ਤੋਂ ਵੱਡੀ ਸਮੱਸਿਆ ਵਾਤਾਵਰਨ ਵਿਚ ਆ ਰਹੀ ਤਦੀਲੀ ਹੈ ਜਿਸ ਦਾ ਮੁਖ ਕਾਰਨ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਹੈ।ਪਸ਼ੂ—ਪੰਛੀਆਂ ਦਾ ਰਹਿਣ—ਬਸੇਰਾ ਵੀ ਕੰਕਰੀਟ ਦੇ ਮਕਾਨ ਬਣਨ ਕਰਕੇ ਹੌਲੀ—ਹੌਲੀ ਘੱਟਦਾ ਜਾ ਰਿਹਾ ਹੈ।ਰੁੱਖਾਂ ਅਤੇ ਪੰਛੀਆਂ ਦੀ ਘੱਟ ਰਹੀ ਗਿਣਤੀ ਸਾਨੂੰ ਆਉਣ ਵਾਲੇ ਭਿਆਨਕ ਸਮੇਂ ਲਈ ਚਿਤਾਰ ਰਹੀ ਹੈ।ਧੀਆਂ ਨੂੰ ਕੁਖ ਵਿਚ ਕਤਲ ਕਰਾਉਣ ਵਾਲੇ ਅਤੇ ਪੰਛੀਆਂ ਦੀ ਰਾਖੀ ਲਈ ਕੰਕਰੀਟ ਦੇ ਮਕਾਨਾਂ ਅੰਦਰ ਬਨਾਉਟੀ ਆਲ੍ਹਣੇ ਰੱਖਣ ਵਾਲੇ ਲੋਕਾਂ ’ਤੇ ਤਿੱਖਾ ਵਿਅੰਗ ਇਸ ਰੁਬਾਈ ਵਿਚ ਕੀਤਾ ਗਿਆ ਹੈ-
ਕੁਖ ਵਿਚ ਕਤਲ ਕਰਾਉਂਦੇ ਕੁੜੀਆਂ, ਚਿੜੀਆਂ ਦੀ ਰਖਵਾਲੀ ਕਰਦੇ
ਕੰਕਰੀਟ ਦੇ ਜੰਗਲ ਅੰਦਰ, ਥਾਂ—ਥਾਂ ਫਿਰਨ ਆਲ੍ਹਣੇ ਧਰਦੇ
ਬਿਰਖਾਂ ਦੇ ਮੁਢ ਫਿਰਦੀ ਆਰੀ, ਅਜਬ ਤਮਾਸ਼ਾ ਵੇਖ ਰਹੇ ਹਾਂ,
ਤਾਂਹੀਓਂ ਦੇਸ ਪੰਜਾਬ ਵਾਲਿਓ, ਕਿਸ਼ਤਾਂ ਦੇ ਵਿਚ ਜਾਈਏ ਮਰਦੇ (ਸੰਧੂਰਦਾਨੀ, ਪੰਨਾ 36)
ਨਸ਼ਿਆਂ ਦੀ ਸਮੱਸਿਆ ਸਾਡੇ ਸਮਾਜ ਦੀ ਬਹੁਤ ਹੀ ਭਿਆਨਕ ਖੁਨਾਮੀ ਹੈ।ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਆਪਣੀ ਜ਼ਿੰਦਗੀ ਦੇ ਅਸਲ ਨਿਸ਼ਾਨੇ ਤੋਂ ਭਟਕ ਰਹੀ ਹੈ।ਕਵੀ ਹਰਿਮੰਦਰ ਸਾਹਿਬ ਦੇ ਬੂਹੇ ਅੱਗੇ ਧੀ ਤੋਂ ਅਰਦਾਸ ਕਰਵਾਉਂਦਾ ਹੈ ਕਿ ਸਾਡੀ ਇਹ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਕੇ ਮਹਿਕਾਂ ਭਰੇ ਮਾਹੌਲ ਵਿਚ ਸਾਹ ਲਵੇ, ਜਿਵੇਂ-
ਹਰਿਮੰਦਰ ਸਾਹਿਬ ਦੇ ਬੂਹੇ ਅੱਗੇ ਧੀ ਕਰਦੀ ਅਰਦਾਸ।
ਇਸ ਧਰਤੀ ਤੋਂ ਕੂੜ ਨਿਖੁੱਟੇ, ਪੂਰੀ ਕਰ ਦੇਹ ਆਸ।
ਜੁਗ ਜੁਗ ਜੀਣ ਧਰਤੀ ਦੇ ਜਾਏ, ਇੱਜ਼ਤ ਪੱਤ ਦੇ ਰਾਖੇ,
ਨਸ਼ਿਆਂ ਤੋਂ ਬਚ ਜਾਵੇ ਧਰਤੀ, ਮਹਿਕਾਂ ਭਰਨ ਸਵਾਸ। (ਸੰਧੂਰਦਾਨੀ, ਪੰਨਾ 84)
ਗੁਰਭਜਨ ਗਿੱਲ ਦੀਆਂ ਜ਼ਿਆਦਾਤਰ ਰੁਬਾਈਆਂ ਅੰਤ ਵਿਚ ਦੋ ਜਾਂ ਤਿੰਨ ਗੁਰੂਆਂ ਦਾ ਪ੍ਰਯੋਗ ਕਰਦੀਆਂ ਹਨ ਜਿਸ ਨਾਲ ਸਰੋਦੀਪਣ ਵਿਚ ਵਾਧਾ ਹੋ ਜਾਂਦਾ ਹੈ, ਜਿਵੇਂ-
ਦਸਮ ਪਿਤਾ ਹੁਣ ਸੀਸ ਤਲੀ ਤੇ ਧਰਿਆ ਨਹੀਂ ਜਾਂਦਾ
ਹੱਕ, ਸੱਚ, ਇਨਸਾਫ਼ ਦੀ ਖਾਤਰ ਮਰਿਆ ਨਹੀਂ ਜਾਂਦਾ
ਕੁਰਸੀ—ਯੁੱਧ ਨੂੰ ਲੜਦੇ ਲੜਦੇ ਧਰਮ ਗੁਆਚ ਗਿਆ
ਸ਼ੁਭ ਕਰਮਨ ਵੀ ਅੱਜਕਲ੍ਹ ਸਾਥੋਂ ਕਰਿਆ ਨਹੀਂ ਜਾਂਦਾ (ਸੰਧੂਰਦਾਨੀ, ਪੰਨਾ 39)
ਸਮੇਂ ਦੀ ਮਹੱਤਾ ਨੂੰ ਦਰਸਾਉਂਦਿਆਂ ਕਵੀ ਨੇ ਸਾਨੂੰ ਸਮੇਂ ਦੇ ਹਾਣ ਦਾ ਹੋ ਕੇ ਚੱਲਣ ਲਈ ਕਿਹਾ ਹੈ ਕਿਉਂਕਿ ਜੇਕਰ ਅਸੀਂ ਸਮੇਂ ਦੀ ਸਾਰਥਕਤਾ ਨੂੰ ਨਹੀਂ ਸਮਝਦੇ ਤਾਂ ਸਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ, ਜਿਵੇਂ-
ਵਕਤ ਵਿਚਾਰਾ ਟੁਕੜੇ ਕਰਕੇ, ਭਾਵੇਂ ਆਪਾਂ ਕੰਧ ਤੇ ਟੰਗਿਆ
ਪਲ ਪਲ ਰਹੇ ਗਿਣਤੀਆਂ ਕਰਦਾ ਸਾਥੋਂ ਏਸ ਹਿਸਾਬ ਨਾ ਮੰਗਿਆ
ਟਿਕਟਿਕ ਵੇਖ ਟਿਕਟਿਕੀ ਲਾ ਕੇ, ਲੇਖਾ ਜੋਖਾ ਕਰਦਾ ਰਹਿੰਦਾ,
ਉਸ ਨੂੰ ਅਗਲਾ ਸਾਹ ਨਾ ਆਵੇ, ਅੱਜ ਤੀਕਰ ਜਿਸ ਨੂੰ ਇਸ ਡੰਗਿਆ (ਸੰਧੂਰਦਾਨੀ, ਪੰਨਾ 38)
ਪੂੰਜੀਵਾਦੀ ਦੌਰ ਵਿਚ ਰਿਸ਼ਤਿਆਂ ਵਿਚ ਲਗਾਤਾਰ ਨਿਘਾਰ ਆ ਰਿਹਾ ਹੈ।ਜਿਊਂਦੇ ਜੀਅ ਅਸੀਂ ਆਪਣੇ ਮਾਪਿਆਂ ਨਾਲ ਉਹ ਸਾਂਝ ਦਾ ਰਿਸ਼ਤਾ ਕਾਇਮ ਨਹੀਂ ਕਰ ਪਾਉਂਦੇ ਪਰ ਉਨ੍ਹਾਂ ਦੇ ਇਸ ਸੰਸਾਰ ਤੋਂ ਜਾਣ ਤੋਂ ਬਾਦ ਸਾਨੂੰ ਉਨ੍ਹਾਂ ਦੀ ਅਸਲ ਕੀਮਤ ਦਾ ਪਤਾ ਲੱਗਦਾ ਹੈ-
ਮੰਡੀ ਵਿਚੋਂ ਹਰ ਸ਼ੈ ਮਿਲਦੀ ਨਾ ਬਾਬਲ ਨਾ ਮਾਂ ਮਿਲਦੀ ਹੈ।
ਰਿਸ਼ਤਿਆਂ ਦੇ ਜੰਗਲ ’ਚੋਂ ਲੱਭੋ, ਕਿੱਥੇ ਐਸੀ ਛਾਂ ਮਿਲਦੀ ਹੈ।
ਮਾਪੇ ਜਾਣ ਤੋਂ ਬਾਅਦ ਏਸ ਦੀ ਕੀਮਤ ਦਾ ਅਹਿਸਾਸ ਜਾਗਦਾ,
ਤਖ਼ਤਪੋਸ਼ ਬੇ ਰੌਣਕ, ਸੁੰਨੀ ਮੰਜੀ ਵਾਲੀ ਥਾਂ ਦਿਸਦੀ ਹੈ। (ਸੰਧੂਰਦਾਨੀ, ਪੰਨਾ 19 )
ਉੱਨੀ ਸੌ ਸੰਤਾਲੀ ਦੀ ਦੇਸ਼—ਵੰਡ ਸਮੇਂ ਦੋਹਾਂ ਮੁਲਕਾਂ ਦੇ ਬਾਸ਼ਿੰਦਿਆਂ ਨੂੰ ਆਪਣਾ ਘਰ—ਬਾਰ ਛੱਡ ਕੇ ਜੋ ਸੰਤਾਪ ਹੰਢਾਉਣਾ ਪਿਆ ਸੀ ਉਸ ਸੰਤਾਪ ਨੂੰ ਇਕ ਹਾਉਕੇ ਦੇ ਰੂਪ ਵਿਚ ਕਵੀ ਨੇ ਇੰਝ ਪ੍ਰਗਟਾਇਆ ਹੈ-
ਸੰਨ ਸੰਤਾਲ਼ੀ ਵੇਲੇ ਏਥੋਂ ਘਰਾਂ ਵਾਲੇ ਤੁਰ ਗਏ।
ਸੁੰਨਿਆਂ ਮਹੱਲਾਂ ਦੇ ਬਨੇਰੇ ਤਾਹੀਉਂ ਭੁਰ ਗਏ।
ਅਜੇ ਇੱਕ ਹਾਉਕਾ ਏਸ ਹਿੱਕੜੀ ’ਚ ਜਾਗਦਾ,
ਬਾਕੀ ਰੰਗ ਜ਼ਿੰਦਗੀ ਦੇ ਝੱਖੜਾਂ ’ਚ ਖ਼ੁਰ ਗਏ। (ਸੰਧੂਰਦਾਨੀ, ਪੰਨਾ 47)
ਸਮੁੱਚੀ ਵਿਚਾਰ ਚਰਚਾ ਤੋਂ ਬਾਦ ਇਹ ਕਿਹਾ ਜਾ ਸਕਦਾ ਹੈ ਕਿ ਗੁਰਭਜਨ ਗਿੱਲ ਦੀ ਪੁਸਤਕ ‘ਸੰਧੂਰਦਾਨੀ’ ਵਿਚ ਸਮਕਾਲ ਦੇ ਸਾਰੇ ਰੰਗ (ਵਿਸ਼ੇ) ਸਮੋਏ ਹੋਏ ਹਨ।ਉਸ ਨੇ ਸਮਾਜ ਦੀਆਂ ਸਮੱਸਿਆਵਾਂ ਨੂੰ ਬੜੀ ਨਿਡਰਤਾ ਨਾਲ ਬਿਆਨ ਕੀਤਾ ਹੈ।ਉਹ ਦੇਸ਼ ਦੇ ਨਾਲ—ਨਾਲ ਪੂਰੇ ਵਿਸ਼ਵ ਦੀਆਂ ਦੁਸ਼ਵਾਰੀਆਂ ਨੂੰ ਅਲੋਪ ਹੋ ਰਹੇ ਕਾਵਿ ਰੂਪਾਕਾਰ ਰੁਬਾਈ ਵਿਚ ਪੇਸ਼ ਕਰਦਾ ਹੈ ਜਿਸ ਕਰਕੇ ਇਹ ਰੁਬਾਈਆਂ ਵਿਸ਼ੇ ਅਤੇ ਰੂਪਕ ਪੱਖ ਤੋਂ ਪੰਜਾਬੀ ਕਵਿਤਾ ਦੇ ਖੇਤਰ ਵਿਚ ਵਿਸ਼ੇਸ਼ ਮਹੱਤਵ ਰੱਖਦੀਆਂ ਹਨ ਅਤੇ ਇਹੋ ਹੀ ਗੁਰਭਜਨ ਗਿੱਲ ਦੀ ਸਭ ਤੋਂ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਇਸ ਪੁਸਤਕ ਨੂੰ ਸੰਗਮ ਪਬਲੀਕੇਸ਼ਨ ਸਮਾਣਾ(ਪਟਿਆਲਾ) ਨੇ ਪ੍ਰਕਾਸ਼ਿਤ ਕੀਤਾ ਹੈ।
ਹਵਾਲੇ
1. ਸਤਿੰਦਰ ਸਿੰਘ (ਸੰਪ.), ਭਾਈ ਵੀਰ ਸਿੰਘ ਜੀਵਨ ਤੇ ਰਚਨਾ, ਪੰਨਾ 74.
2. ਭਾਈ ਵੀਰ ਸਿੰਘ, ਲਹਿਰ ਹੁਲਾਰੇ, ਪੰਨਾ 57.
3. ਸੁਦਰਸ਼ਨ ਗਾਸੋ, ਪੰਜਾਬੀ ਕਵਿਤਾ ਵਿਸ਼ਲੇਸ਼ਣ ਅਤੇ ਮੁੱਲਾਂਕਣ, ਪੰਨਾ 134.