ਜ਼ਿਲ੍ਹੇ ਦੀਆਂ ਮੰਡੀਆਂ ’ਚ 208691 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ-ਡੀ ਸੀ ਰੰਧਾਵਾ
ਲਿਫ਼ਟਿੰਗ ਦੇ ਬਕਾਏ ਨੂੰ ਪੂਰਾ ਕਰਨ ਲਈ ਬਲਾਚੌਰ ਤੇ ਬੰਗਾ ’ਚ ਸਪੈਸ਼ਲਾਂ ਲੱਗਣਗੀਆਂ
ਕਿਸਾਨਾਂ ਦੇ ਖਾਤਿਆਂ ’ਚ 382.41 ਕਰੋੜ ਦੀ ਅਦਾਇਗੀ
ਨਵਾਂਸ਼ਹਿਰ, 28 ਅਪਰੈਲ, 2023 (ਵਿਸ਼ਵ ਵਾਰਤਾ):- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਮੰਡੀਆਂ ’ਚ ਮਿੱਥੇ ਗਏ ਟੀਚੇ 231600 ਮੀਟਿ੍ਰਕ ਟਨ ਦਾ 90 ਫ਼ੀਸਦੀ ਟੀਚਾ ਸ਼ੁੱਕਰਵਾਰ ਸ਼ਾਮ ਤੱਕ ਪੂਰਾ ਕਰ ਲਿਆ ਗਿਆ ਹੈ। ਸ਼ੁੱਕਰਵਾਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚ ਕੁੱਲ 208691 ਮੀਟਿ੍ਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਖੁਰਾਕ, ਸਿਵਲ ਸਪਲਾਈ ਤੇ ਉਪਭੋਗਤਾ ਮਾਮਲੇ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਅਤੇ ਡਾਇਰੈਕਟਰ ਘਣਸ਼ਿਆਮ ਥੋਰੀ ਵੱਲੋਂ ਕਣਕ ਦੀ ਖਰੀਦ ਦੀ ਪ੍ਰਗਤੀ ਅਤੇ ਮੁਸ਼ਕਿਲਾਂ ਜਾਣਨ ਲਈ ਕੀਤੀ ਗਈ ਵੀਡੀਓ ਕਾਨਫਰੰਸਿੰਗ ਦੌਰਾਨ ਜ਼ਿਲ੍ਹੇ ’ਚ ਲਿਫ਼ਟਿੰਗ ਦੇ ਬਕਾਇਆ ਟੀਚੇ ਨੂੰ ਪੂਰਾ ਕਰਨ ਲਈ ਬੰਗਾ ਅਤੇ ਬਲਾਚੌਰ ਲਈ ਸਪੈਸ਼ਲਾਂ ਦੀ ਮੰਗ ਕੀਤੀ ਗਈ ਹੈ, ਜਿਸ ਬਾਰੇ ਉਨ੍ਹਾਂ ਵੱਲੋਂ ਭਰੋਸਾ ਦਿਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚੋਂ 88496 ਮੀਟਿ੍ਰਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ ਜੋ ਕਿ 72 ਘੰਟਿਆਂ ਦੇ ਹਿਸਾਬ ਨਾਲ 57 ਫ਼ੀਸਦੀ ਬਣਦੀ ਹੈ।
ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਤੱਕ ਜ਼ਿਲ੍ਹੇ ਵੱਲੋਂ ਖਰੀਦ ਦਾ ਮਿੱਥਿਆ ਟੀਚਾ ਪੂਰਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਅਦਾਇਗੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤੱਕ 1559 ਕਿਸਾਨਾਂ ਦੇ ਖਾਤਿਆਂ 382.41 ਕਰੋੜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ ਅਤੇ ਲਿਫ਼ਟਿੰਗ ਦਾ ਬੈਕਲਾਗ ਪੂਰਾ ਕਰਨ ਲਈ ਪ੍ਰਸ਼ਾਸਨ ਆਪਣੇ ਪੱਧਰ ’ਤੇ ਪੂਰੇ ਯਤਨ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਏਜੰਸੀਵਾਰ ਖਰੀਦ ਅੰਕੜਿਆਂ ਮੁਤਾਬਕ ਪਨਗ੍ਰੇਨ ਨੇ 50940 ਮੀਟਿ੍ਰਕ ਟਨ, ਮਾਰਕਫ਼ੈਡ ਨੇ 55730 ਮੀਟਿ੍ਰਕ ਟਨ, ਪਨਸਪ ਨੇ 49060 ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 32525 ਮੀਟਿ੍ਰਕ ਟਨ ਅਤੇ ਭਾਰਤੀ ਖੁਰਾਕ ਨਿਗਮ ਨੇ 20429 ਮੀਟਿ੍ਰਕ ਟਨ ਅਨਾਜ ਖਰੀਦਿਆ ਹੈ।