ਜ਼ਿਮਨੀ ਚੋਣ ਲਈ Barnala ਤੋਂ ‘ਆਪ’ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ, ਜਾਣੋ ਉਨ੍ਹਾਂ ਦਾ ਸਿਆਸੀ ਸਫਰ
ਚੰਡੀਗੜ੍ਹ, 21ਅਕਤੂਬਰ(ਵਿਸ਼ਵ ਵਾਰਤਾ) ਵਿਧਾਨ ਸਭਾ ਹਲਕਾ ਬਰਨਾਲਾ ਜਨਰਲ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਪਾਰਟੀ ਵਰਕਰ 35 ਸਾਲਾ ਹਰਿੰਦਰ ਸਿੰਘ ਧਾਲੀਵਾਲ, ਵਾਸੀ ਛੀਨੀਵਾਲ ਕਲਾਂ, ਜ਼ਿਲ੍ਹਾ ਬਰਨਾਲਾ ਦੇ ਨਾਮ ਦਾ ਐਲਾਨ ਕਰਕੇ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ‘ਆਪ’ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਨਾਂ ਦੀ ਪਹਿਲਾਂ ਹੀ ਚਰਚਾ ਚੱਲ ਰਹੀ ਸੀ ਜੋ ਐਤਵਾਰ ਨੂੰ ਸੂਚੀ ਆਉਂਦੇ ਹੀ ਸੱਚ ਹੋ ਗਈ।
ਹਰਿੰਦਰ ਸਿੰਘ ਧਾਲੀਵਾਲ ਸੰਗਰੂਰ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਜਮਾਤੀ ਅਤੇ ਨਜ਼ਦੀਕੀ ਮਿੱਤਰ ਹਨ। ਜੂਨ 2024 ਵਿੱਚ ਜਦੋਂ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਗਰੂਰ ਤੋਂ ਲੋਕ ਸਭਾ ਚੋਣ ਲੜੀ ਤਾਂ ਹਰਿੰਦਰ ਸਿੰਘ ਧਾਲੀਵਾਲ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਬਣੇ।
ਮੀਤ ਹੇਅਰ ਦੇ ਦੋ ਵਾਰ ਐਮ.ਐਲ.ਏ ਅਤੇ ਇੱਕ ਵਾਰ ਐਮ.ਪੀ ਬਣਨ ਵਿੱਚ ਹਰਿੰਦਰ ਧਾਲੀਵਾਲ ਦੀ ਮਿਹਨਤ ਦਾ ਸਿਹਰਾ ਮੰਨਿਆ ਜਾ ਰਿਹਾ ਹੈ। ਹਰਿੰਦਰ ਧਾਲੀਵਾਲ ਦੇ ਪਿਤਾ ਮੁਖਤਿਆਰ ਸਿੰਘ ਪਸ਼ੂ ਪਾਲਣ ਵਿਭਾਗ ਤੋਂ ਸੇਵਾਮੁਕਤ ਮੁਲਾਜ਼ਮ ਹਨ ਅਤੇ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਮਾਤਾ ਸੁਖਪ੍ਰੀਤ ਕੌਰ ਘਰੇਲੂ ਔਰਤ ਹੈ। ਪਤਨੀ ਮਨਰੀਤ ਕੌਰ ਪਹਿਲਾਂ ਕੰਮ ਕਰਦੀ ਸੀ ਅਤੇ ਹੁਣ ਪਾਰਟੀ ਦੇ ਕੰਮ ਵਿਚ ਹਰਿੰਦਰ ਦੀ ਮਦਦ ਕਰਦੀ ਹੈ।
ਮੀਤ ਹੇਅਰ ਅਤੇ ਹਰਿੰਦਰ ਧਾਲੀਵਾਲ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ 12ਵੀਂ ਜਮਾਤ ਤੱਕ ਦੇ ਸਹਿਪਾਠੀ ਹਨ ਅਤੇ ਸਕੂਲ ਸਮੇਂ ਤੋਂ ਹੀ ਦੋਸਤ ਹਨ। ਦੋਵਾਂ ਨੇ ਬਨੂੜ ਕਾਲਜ ਤੋਂ ਬੀ.ਟੈਕ ਦੀ ਪੜ੍ਹਾਈ ਕੀਤੀ ਅਤੇ ਮੀਤ ਹੇਅਰ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਹਰਿੰਦਰ ਧਾਲੀਵਾਲ 2017 ਤੋਂ ਵਿਧਾਇਕ ਬਣੇ ਮੀਤ ਹੇਅਰ ਨਾਲ ਰਹਿ ਰਹੇ ਹਨ।
ਚੋਣ ਕਮਿਸ਼ਨ ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ 13 ਨਵੰਬਰ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ ਅਤੇ ਬਰਨਾਲਾ ਸੀਟਾਂ ‘ਤੇ ਵੋਟਾਂ ਪੈਣਗੀਆਂ।