ਜਲੰਧਰ ਪ੍ਰਸ਼ਾਸਨ ਦੀ ਵਪਾਰੀਆਂ ਨੂੰ ਵੱਡੀ ਰਾਹਤ, ਹੁਣ ਸ਼ਾਮ 5 ਵਜੇ ਤਕ ਖੁੱਲ੍ਹ ਸਕਣਗੀਆਂ ਦੁਕਾਨਾਂ

ਜਲੰਧਰ ,21 ਮਈ (ਵਿਸ਼ਵ ਵਾਰਤਾ /ਅਸ਼ਵਨੀ ਠਾਕੁਰ) –
ਜ਼ਿਲ੍ਹੇ ਵਿੱਚ ਕਾਰੋਬਾਰ ਸਬੰਧੀ ਗਤੀਵਿਧੀਆਂ ਨੂੰ ਹੋਰ ਅਸਾਨੀ ਨਾਲ ਜਾਰੀ ਰੱਖਣ ਦੇ ਮੱਦੇਨਜ਼ਰ ਅਹਿਮ ਕਦਮ ਉਠਾਉਂਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਗ਼ੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ/ਸੰਸਥਾਵਾਂ ਤੇ ਦਫ਼ਤਰਾਂ ਦੇ ਸਮੇਂ ‘ਚ ਦੋ ਘੰਟੇ ਤਕ ਹੋਰ ਵਾਧਾ ਕੀਤਾ ਗਿਆ ਹੈ ਤੇ ਹੁਣ ਇਹ ਦੁਕਾਨਾਂ ਸੋਮਵਾਰ ਤੋਂ ਸ਼ੁਕਰਵਾਰ ਤਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਖੁੱਲ ਸਕਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਆਦੇਸ਼ ਕੁਝ ਦਿਨ ਪਹਿਲਾਂ ਜਾਰੀ ਕੀਤੇ ਗਏ ਸਨ ਜੋ ਕਿ 21 ਮਈ 2021 ਤਕ ਲਾਗੂ ਰਹਿਣੇ ਸਨ। ਹੁਣ ਗ਼ੈਰ ਜ਼ਰੂਰੀ ਦੁਕਾਨਾਂ ਨੂੰ ਖੋਲਣ ਦੇ ਸਮੇਂ ਦਾ ਜਾਇਜ਼ਾ ਲੈਂਦਿਆਂ ਇਨ੍ਹਾਂ ਦੇ ਸਮੇਂ ਨੂੰ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤਕ ਵਧਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਹੁਣ ਗ਼ੈਰ ਜ਼ਰੂਰੀ ਵਸਤਾਂ ਦੇ ਸ਼੍ਰੇਣੀ ‘ਚ ਆਉਂਦੀਆਂ ਦੁਕਾਨਾਂ, ਨਿੱਜੀ ਕਾਰੋਬਾਰ ਅਤੇ ਦਫ਼ਤਰ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ ਸਕਣਗੇ।
ਜ਼ਿਕਰਯੋਗ ਹੈ ਕਿ ਜਰੂਰੀ ਸੇਵਾਵਾਂ ਦੀ ਸ੍ਰੇਣੀ ਵਿੱਚ ਆਉਂਦੀਆਂ ਸੇਵਾਵਾਂ ਅਗਲੇ ਹੁਕਮਾਂ ਤੱਕ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤਕ ਰੋਜ਼ਾਨਾ ਖੁਲੱਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਦਮ ਉਠਾਉਣ ਦਾ ਮੁੱਖ ਮਕਸਦ ਜ਼ਿਲ੍ਹੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ ਨਾਲ ਵਪਾਰ ਅਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਵਲੋਂ ਕਾਰੋਬਾਰ ਅਸਾਨੀ ਨਾਲ ਚਲਾਉਣ ਸਬੰਧੀ ਹੋਰ ਰਾਹਤ ਪਹੁੰਚਾਉਣ ਦੀ ਕੀਤੀ ਜਾ ਰਹੀ ਮੰਗ ਨੂੰ ਦੇਖਦਿਆਂ ਰਾਹਤ ਪ੍ਰਦਾਨ ਕਰਨਾ ਹੈ।




















