ਜਲੰਧਰ, 22 ਫਰਵਰੀ (ਵਿਸ਼ਵ ਵਾਰਤਾ) : ਜਲੰਧਰ ਦਿਹਾਤੀ ਪੁਲਿਸ ਨੇ ਅੱਜ ਵੱਡੀ ਸਫਲਤਾ ਹਾਸਿਲ ਕਰਦਿਆਂ 12 ਕੁਇੰਟਲ ਡੋਡੇ-ਚੂਰਾ ਪੋਸਤ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ| ਇਸ ਸਬੰਧੀ ਪੱਤਰਕਾਰ ਸੰਮੇਲਨ ਦੌਰਾਨ ਐਸ.ਐਸ.ਪੀ ਜਲੰਧਰ (ਦਿਹਾਤੀ) ਗੁਰਪ੍ਰੀਤ ਸਿੰਘ ਭੁੱਲਰ ਅਤੇ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਜਲੰਧਰ ਸ. ਹਰਕੰਵਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਲਵਿੰਦਰ ਸਿੰਘ ਉਰਫ ਮਾਣਾ ਵਾਸੀ ਫਿਲੌਰ, ਮਨਜੀਤ ਸਿੰਘ ਉਰਫ ਮਨਜੀਤੀ ਵਾਸੀ ਲੁਧਿਆਣਾ, ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਲੁਧਿਆਣਾ ਅਤੇ ਸਤਨਾਮ ਸਿੰਘ ਵਾਸੀ ਲੁਧਿਆਣਾ ਡੋਡੇ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ ਅਤੇ ਉਹ ਮੱਧ ਪ੍ਰਦੇਸ਼ ਤੋਂ ਡੋਡੇ ਚੂਰਾ ਪੋਸਤ ਸਸਤੇ ਰੇਟ ਉਤੇ ਲਿਆ ਕੇ ਜਲੰਧਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਏਰੀਆ ਵਿਚ ਗ੍ਰਾਹਕਾਂ ਨੂੰ ਮਹਿੰਗੇ ਭਾਅ ਉਤੇ ਵੇਚਦੇ ਹਨ|
ਇਸ ਦੌਰਾਨ ਬਲਵਿੰਦਰ ਸਿੰਘ ਮਾਣਾ ਅੱਜ ਆਪਣੇ ਟਰੱਕ ਵਿਚ ਭਾਰੀ ਮਾਤਰਾ ਵਿਚ ਡੋਡੇ ਚੂਰਾ ਪੋਸਤ ਲਿਆ ਕੇ ਉਕਤ ਚਾਰੇ ਜਣੇ ਪਿੰਡ ਕੋਹਾੜ ਕਲਾਂ ਮੰਡੀ ਵਿਚ ਗਾਹਕਾਂ ਦੀ ਉਡੀਕ ਕਰ ਰਹੇ ਸਨ| ਜਿਸ ਤੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਰੇਡ ਕੀਤਾ ਅਤੇ ਮੌਕੇ ਤੇ ਬਲਵਿੰਦਰ ਸਿੰਘ ਅਤੇ ਮਨਜੀਤ ਸਿੰਘ ਉਰਫ ਮਨਜੀਤੀ ਨੂੰ ਕਾਬੂ ਕੀਤਾ ਅਤੇ ਬਲਵਿੰਦਰ ਸਿੰਘ ਬਿੰਦਰ ਤੇ ਸਤਨਾਮ ਸਿੰਘ ਮੌਕੇ ਤੋਂ ਫਰਾਰ ਹੋ ਗਏ|
ਤਲਾਸ਼ੀ ਦੌਰਾਨ ਟਰੱਕ ਵਿਚੋਂ 2290 ਡੱਬਿਆਂ ਫਰੂਟੀਆਂ ਹੇਠਾਂ ਲੁਕਾ ਛੁਪਾ ਕੇ ਰੱਖੀਆਂ ਹੋਈਆਂ 60 ਬੋਰੀਆਂ ਡੋਡੇ ਚੂਰਾ ਪੋਸਤ ਹਰੇਕ ਬੋਰੀ 20/20 ਕਿਲੋਗ੍ਰਾਮ ਬਰਾਮਦ ਹੋਈਆਂ, ਜੋ ਕਿ 12 ਕੁਇੰਟਲ ਸਨ, ਬਰਾਮਦ ਕੀਤੇ| ਫਰਾਰ ਦੋਸ਼ੀਆਂ ਦੀ ਭਾਲ ਜਾਰੀ ਹੈ|