ਅੰਮ੍ਰਿਤਸਰ, 29 ਅਗਸਤ: ਸਹਿਕਾਰਤਾ ਵਿਭਾਗ ਹਮੇਸ਼ਾ ਹੀ ਕਿਸਾਨਾਂ ਦੀ ਸਹਾਇਤਾ ਕਰਦਾ ਰਿਹਾ ਹੈ, ਸਹਿਕਾਰਤਾ ਵਿਭਾਗ ਦਾ ਕੰਮ ਲਾਭ ਕਮਾਉਣਾ ਨਹੀਂ ਸਗੋਂ ਕਿਸਾਨਾਂ ਨੂੰ ਉਨ੍ਹਾਂ ਦੇ ਪੈਰਾਂ ਤੇ ਖੜ੍ਹਾ ਕਰਨਾ ਹੈ ਅਤੇ ਛੇਤੀ ਹੀ ਵਿਭਾਗ ਵੱਲੋਂ ਦੁੱਧ ਦੇ ਰੇਟ ਵਧਾਏ ਜਾਣਗੇ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਹਿਕਾਰਤਾ ਤੇ ਜੇਲ ਮੰਤਰੀ ਪੰਜਾਬ ਸ੍ਰ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਨੈਸ਼ਨਲ ਡੇਅਰੀ ਡਿਵੈਲਪਮੈਂਟ ਵੱਲੋਂ ਵੇਰਕਾ ਦੀਆਂ ਵੱਖ ਵੱਖ ਕਿਸਮਾਂ ਦੀ ਗੁਣਵੱਤਾ ਨਿਸ਼ਾਨ ਅੰਕਿਤ ਕੈਟਲ ਫੀਡ ਨੂੰ ਲਾਂਚ ਕਰਨ ਉਪਰੰਤ ਕੀਤਾ। ਇਸ ਮੌਕੇ ਸ੍ਰ ਰੰਧਾਵਾ ਵੱਲੋਂ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸ੍ਰ ਰੰਧਾਵਾ ਨੇ ਕਿਹਾ ਕਿ ਮਿਲਕਫੈਡ ਪੰਜਾਬ ਦੇ ਕਿਸਾਨਾਂ ਦੀ ਰੀੜ ਦੀ ਹੱਡੀ ਹੈ ਅਤੇ ਡੇਅਰੀ ਫਾਰਮਾ ਕਰਕੇ ਹੀ ਮਿਲਕਫੈਡ ਕੰਮ ਕਰ ਰਿਹਾ ਹੈ। ਸ੍ਰ ਰੰਧਾਵਾ ਨੇ ਕਿਹਾ ਕਿ ਡੇਅਰੀ ਫਾਰਮਾਂ ਦਾ ਪੱਧਰ ਉਚਾ ਚੁੱਕਣ ਲਈ ਛੇਤੀ ਹੀ ਵਿਭਾਗ ਦੁੱਧ ਦੇ ਰੇਟ ਵਧਾ ਰਿਹਾ ਹੈ ਤਾਂ ਜੋ ਡੇਅਰੀ ਫਾਰਮਰ ਵੱਧ ਲਾਭ ਕਮਾ ਸਕਣ। ਉਨ੍ਹਾਂ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਡੇਅਰੀ ਦਾ ਧੰਦਾ ਮੰਦਾ ਪੈ ਗਿਆ ਸੀ, ਇਸ ਧੰਦੇ ਨੂੰ ਲਾਭ ਦੇਣ ਲਈ ਪਿਛਲੇ ਦੋ ਮਹੀਨਿਆਂ ਵਿੱਚ ਤਿੰਨ ਵਾਰ ਰੇਟ ਵਧਾਏ ਗਏ ਹਨ। ਉਨ੍ਹਾਂ ਦੱਸਿਆ ਕਿ ਦੁੱਧ ਦੇ ਵਧੇ ਹੋਏ ਰੇਟਾਂ ਦਾ ਸਾਰਾ ਲਾਭ ਸਹਿਕਾਰਤਾ ਵਿਭਾਗ ਵੱਲੋਂ ਕਿਸਾਨਾਂ ਨੂੰ ਹੀ ਮੁਹੱਈਆ ਕਰਵਾਇਆ ਜਾਂਦਾ ਹੈ। ਸ੍ਰ ਰੰਧਾਵਾ ਨੇ ਕਿਹਾ ਕਿ ਜੇਕਰ ਡੇਅਰੀ ਫਾਰਮ ਦਾ ਧੰਦਾ ਬਚੇਗਾ ਤਾਂ ਹੀ ਮਿਲਕਫੈਡ ਸੁਰੱਖਿਅਤ ਰਹਿ ਸਕੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਵੱਖ ਵੱਖ ਤਰ੍ਹਾਂ ਦੀ ਫੀਡ ਕਿਸਾਨਾਂ ਨੂੰ ਸਸਤੇ ਰੇਟਾਂ ਤੇ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਡੇਅਰੀ ਫਾਰਮਰਾਂ ਦੀ ਅਦਾਇਗੀ ਵੀ ਯਕੀਨੀ ਬਣਾਈ ਗਈ ਹੈ। ਸ੍ਰ ਰੰਧਾਵਾ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਵੱਲੋਂ ਜਲਦੀ ਹੀ ਇਕ ਸ਼ਿਕਾਇਤ ਸੈਲ ਨੰਬਰ ਜਾਰੀ ਕੀਤਾ ਜਾਵੇਗਾ ਜਿਥੇ ਕੋਈ ਵੀ ਫਾਰਮਰ ਮਿਲਾਵਟੀ ਦੁੱਧ ਸਬੰਧੀ ਜਾਣਕਾਰੀ ਦੇ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਫਲਾਇੰਗ ਸਕੁਐਡ ਵੀ ਬਣਾਏ ਜਾਣਗੇ ਜੋ ਤੁਰੰਤ ਹੀ ਸ਼ਿਕਾਇਤ ਸੈਲ ਤੇ ਆਈ ਸ਼ਿਕਾਇਤ ਤੇ ਕਰਵਾਈ ਕਰਨਗੇ।
ਸਹਿਕਾਰਤਾ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਇਕ ਪੋਰਟਲ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ ਜਿਸ ਪੋਰਟਲ ਤੇ ਡੇਅਰੀ ਫਾਰਮਰ ਵੱਲੋਂ ਕਿੰਨਾਂ ਦੁੱਧ ਪ੍ਰਾਪਤ ਹੋਇਆ ਅਤੇ ਕਿੰਨੀ ਅਦਾਇਗੀ ਕੀਤੀ ਗਈ ਦੀ ਮੁਕੰਮਲ ਜਾਣਕਾਰੀ ਹੋਵੇਗੀ। ਸ੍ਰ ਰੰਧਾਵਾ ਨੇ ਕਿਹਾ ਕਿ ਸੁਸਾਇਟੀਆਂ ਨੂੰ ਰਾਜਨੀਤਕ ਹੱਥਾਂ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਤਾਂ ਹੀ ਪੰਜਾਬ ਦਾ ਕਾਇਆਕਲਪ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ 3700 ਸੁਸਾਇਟੀਆਂ ਕੰਮ ਕਰ ਰਹੀਆਂ ਹਨ ਜਿੰਨਾਂ ਵਿੱਚੋਂ ਕੇਵਲ 1700 ਸੁਸਾਇਟੀਆਂ ਦਾ ਕੰਮ ਵਧੀਆ ਹੈ ਅਤੇ ਵਿਭਾਗ ਵੱਲੋਂ ਬਾਕੀ ਸੁਸਾਇਟੀਆਂ ਨੂੰ ਵੀ ਆਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੀਆਂ ਸੁਸਾਇਟੀਆਂ ਵਧੀਆ ਕੰਮ ਕਰ ਰਹੀਆਂ ਹਨ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਜਾਵੇਗਾ।
ਸ੍ਰ ਰੰਧਾਵਾ ਨੇ ਦੱਸਿਆ ਕਿ ਅੱਜ ਲਾਂਚ ਕੀਤੀ ਗਈ ਗੁਣਵੱਤਾ ਨਿਸ਼ਾਨ ਇਕ ਵਿਸ਼ੇਸ਼ ਚਿੰਨ ਹੈ ਜੋ ਨੈਸ਼ਨਲ ਡੇਅਰੀ ਵਿਕਾਸ ਬੋਰਡ, ਆਨੰਦ ਵੱਲੋਂ ਸਿਰਫ ਉਨ੍ਹਾ ਸਹਿਕਾਰੀ ਅਦਾਰਿਆਂ ਨੂੰ ਦਿੱਤਾ ਜਾਂਦਾ ਹੈ ਜੋ ਪਸ਼ੂ ਖੁਰਾਕ ਉਤਪਾਦਨ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਸ੍ਰ ਰੰਧਾਵਾ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਕਿ ਵੇਰਕਾ ਦੇ ਦੋਵੇਂ ਪਸ਼ੂ ਖੁਰਾਕ ਪਲਾਂਟ ਖੰਨਾ ਅਤੇ ਘਣੀਕੇ ਬਾਂਗਰ ਵੱਲੋਂ ਤਿਆਰ ਕੀਤੀ ਜਾਂਦੀ ਵੇਰਕਾ ਪ੍ਰੀਮੀਅਮ ਕੈਟਲ ਫੀਡ ਅਤੇ ਵੇਰਕਾ ਗੋਲਡ ਕੈਟਲਫੀਡ ਨੂੰ ਇਹ ਗੁਣਵੱਤਾ ਨਿਸ਼ਾਨ ਦਿੱਤਾ ਗਿਆ ਹੈ। ਇਸ ਮੌਕੇ ਸ੍ਰ ਕਮਲਦੀਪ ਸਿੰਘ ਸੰਘਾ ਵੱਲੋਂ ਸ੍ਰ ਰੰਧਾਵਾ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਸ੍ਰ ਕਮਲਦੀਪ ਸਿੰਘ ਸੰਘਾ ਪ੍ਰਬੰਧਕ ਨਿਰਦੇਸ਼ਕ ਮਿਲਕਫੈਡ ਨੇ ਕਿਹਾ ਕਿ ਵੇਰਕਾ ਹਮੇਸ਼ਾਂ ਤੋਂ ਹੀ ਫੂਡ ਸੇਫਟੀ ਮਾਪਦੰਡਾਂ ਤੇ ਖਰਾ ਉਤਰਦੇ ਹੋਏ ਇਲਾਕਾਂ ਵਾਸੀਆਂ ਨੂੰ ਵਧੀਆਂ ਗੁਣਵੱਤਾ ਵਾਲੇ ਦੁੱਧ ਪਦਾਰਥ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੇਰਕਾ ਵੱਲੋਂ ਪਸ਼ੂਆਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਵਧੀਆ ਕੁਆਲਟੀ ਦੀ ਪਸ਼ੂ ਖੁਰਾਕ ਘੱਟ ਦਰ ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਸ੍ਰ ਸੰਘਾ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਗੁਣਵੱਤਾ ਨੂੰ ਧਿਆਨ ਵਿੱਚ ਰੱਖ ਕੇ ਹੀ ਅਸੀਂ ਆਪਣੀਆਂ ਵਸਤਾਂ ਅੰਤਰਰਾਸ਼ਟਰੀ ਪੱਧਰ ਤੇ ਵੇਚ ਸਕਦੇ ਹਾਂ। ਸ੍ਰ ਸੰਘਾ ਨੇ ਕਿਹਾ ਕਿ ਦੁੱਧ ਦੀ ਗੁਣਵੱਤਾ ਸੁਧਾਰਨ ਵਾਸਤੇ ਪਸ਼ੂਆਂ ਦੀ ਨਸਲਾਂ ਵਿੱਚ ਸੁਧਾਰ ਕਰਨ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁੱਧ ਦੀ ਖਰੀਦ, ਭੰਡਾਰ ਕਰਨ, ਵੇਚਣ ਨੂੰ ਲੈ ਕੇ ਵੱਡੇ ਪੱਧਰ ਤੇ ਸੁਧਾਰ ਕਰਨ ਲਈ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਵਧੀਆ ਸੀਮਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸ੍ਰ ਸੰਘਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਬਚਾਉਣ ਲਈ ਅੱਗੇ ਆਉਣ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ ਯਾਦਵਿੰਦਰ ਸਿੰਘ ਡਾਇਰੈਕਟਰ ਮਿਲਕਫੈਡ ਨੇ ਕਿਹਾ ਕਿ ਵੇਰਕਾ ਅਦਾਰਾ ਹਮੇਸ਼ਾਂ ਤੋਂ ਹੀ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖ ਕਰਦਾ ਆ ਰਿਹਾ ਹੈ ਅਤੇ ਇਸ ਅਦਾਰੇ ਵੱਲੋਂ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਵੱਧ ਤੋਂ ਵੱਧ ਰੇਟ, ਉਤਮ ਗੁਣਵੱਤਾ ਦੀ ਕੈਟਲ ਫੀਡ, ਮਿਨਰਲ ਮਿਕਸਚਰ, ਫੋਡਰ ਸੀਡ ਆਦਿ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਡੀ ਵਿੱਚ ਮੰਦੀ ਦਾ ਦੌਰ ਹੋਣ ਦੇ ਬਾਵਜੂਦ ਵੀ ਅਦਾਰੇ ਵੱਲੋਂ ਕਿਸਾਨਾਂ ਨੂੰ ਦੁੱਧ ਦਾ ਵਧੀਆ ਭਾਅ ਦਿੱਤਾ ਗਿਆ ਹੈ।
ਇਸ ਮੌਕੇ ਡਾ: ਐਮ:ਆਰ ਗਰਗ, ਸਲਾਹਕਾਰ ਵੇਕਰਾ ਕੈਟਲ ਫੀਡ, ਡਾ: ਵੀ ਸ੍ਰੀਦਰ ਜਨਰਲ ਮੈਨੇਜਰ ਪਸ਼ੂ ਪੋਸ਼ਣ, ਸ੍ਰੀ ਏ:ਕੇ:ਅਗਰਵਾਲ ਡੀ:ਜੀ:ਐਮ ਐਂਡ ਡੀ:ਡੀ:ਬੀ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।
ਇਸ ਸਮਾਗਮ ਵਿੱਚ ਸ੍ਰ ਹਰਵਿੰਦਰ ਸਿੰਘ ਸੰਧੂ ਜੀ:ਐਮ ਵੇਰਕਾ ਅੰਮ੍ਰਿਤਸਰ ਡੇਅਰੀ, ਸ੍ਰੀ ਰਾਜੇਸ਼ ਬਲਸੋਤਰਾ ਡੀ:ਜੀ:ਐਮ ਕੈਟਲ ਫੀਡ ਪਲਾਂਟ ਘਣੀਕੇ ਬਾਂਗਰ, ਸ ਕੁਲਦੀਪ ਸਿੰਘ ਮੈਂਬਰ ਮਿਲਕਫੈਡ ਫਰੀਦਕੋਟ, ਸ੍ਰ ਹਰਪਾਲ ਸਿੰਘ ਮੈਂਬਰ ਜਲੰਧਰ ਤੋਂ, ਸ੍ਰ ਸੁਖਜਿੰਦਰ ਸਿੰਘ ਮਾਵੀ ਪਟਿਆਲਾ ਤੋਂ, ਸ੍ਰ ਸੁਖਜਿੰਦਰ ਸਿੰਘ ਸੰਗਰੂਰ ਤੋਂ, ਮਿਲਕਫੈਡ ਅਧੀਨ ਵੱਖ ਵੱਖ ਯੂਨੀਅਨਾਂ ਦੇ ਚੇਅਰਮੈਨ, ਬੋਰਡ ਆਫ ਡਾਇਰੈਕਟਰ ਅਤੇ ਵੱਖ ਵੱਖ ਜਿਲਿ੍ਹਆਂ ਤੋਂ ਕਿਸਾਨ ਮੈਂਬਰ ਹਾਜ਼ਰ ਸਨ।
ਖਰਚਾ ਨਿਗਰਾਨ ਨੇ ਐਸ.ਐਸ.ਟੀਜ ਵੱਲੋਂ ਮਾਲੇਰਕੋਟਲਾ ਵਿਖੇ ਲਗਾਏ ਗਏ ਨਾਕਿਆਂ ਦੀ ਕੀਤੀ ਅਚਨਚੇਤ ਚੈਕਿੰਗ
ਖਰਚਾ ਨਿਗਰਾਨ ਨੇ ਐਸ.ਐਸ.ਟੀਜ ਵੱਲੋਂ ਮਾਲੇਰਕੋਟਲਾ ਵਿਖੇ ਲਗਾਏ ਗਏ ਨਾਕਿਆਂ ਦੀ ਕੀਤੀ ਅਚਨਚੇਤ ਚੈਕਿੰਗ ਸਾਰੇ ਛੋਟੇ ਅਤੇ ਵੱਡੇ ਵਾਹਨਾਂ ਦੀ ਜਾਂਚ ਕਰਨ ਦੇ ਨਿਰਦੇਸ਼...