ਜਨਰਲ ਵਰਗ ਫੈਡਰੇਸ਼ਨ ਦੀ ਹੱਕਾਂ ਲਈ ਚਲ ਰਹੀ ਭੁੱਖ ਹੜਤਾਲ 15ਵੇਂ ਦਿਨ’ਚ ਦਾਖਲ
ਮੁੱਖ ਮੰਤਰੀ ਪੰਜਾਬ ਜਨਰਲ ਵਰਗ ਨਾਲ ਕੀਤੇ ਵਾਅਦੇ ਤੇ ਪੂਰਾ ਨਹੀਂ ਉਤਰ ਰਹੇ – ਫੈਡਰੇਸ਼ਨ

ਸ਼੍ਰੀ ਚਮਕੌਰ ਸਾਹਿਬ,10ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਜਨਰਲ ਵਰਗ ਵਲ਼ੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿਚ ਹੱਕਾਂ ਲਈ ਚਲ ਰਹੀ ਲੜੀਵਾਰ ਭੁੱਖ ਹੜਤਾਲ ਅੱਜ 15ਵੇਂ ਦਿਨ ਵਿਚ ਸ਼ਾਮਿਲ ਹੋ ਗਈ। ਅੱਜ ਭੁੱਖ ਹੜਤਾਲ ਤੇ ਜ਼ਿਲ੍ਹਾ ਫ਼ਿਰੋਜਪੁਰ ਤੋਂ ਕੋਮਲ ਸ਼ਰਮਾ, ਸੰਦੀਪ ਕੁਮਾਰ ਸ਼ਰਮਾ, ਗੁਰਵਿੰਦਰ ਧਵਨ, ਗੁਰਦਰਸ਼ਨ ਸਿੰਘ ਸੋਢੀ, ਵਿਨੈ ਕੁਮਾਰ, ਸੰਜੀਵ ਕੁਮਾਰ ਮੋਂਗਾ ਅਤੇ ਗੌਰਵ ਮੁੰਜਾਲ ਸ਼ਾਮਿਲ ਹੋਏ। ਗੱਲਬਾਤ ਕਰਦੇ ਹੋਏ ਫੈਡਰੇਸ਼ਨ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਜਨਰਲ ਵਰਗ ਦੇ ਨਾਲ ਕੀਤੇ ਹੋਏ ਵਾਅਦੇ ਤੇ ਪੂਰਾ ਨਹੀਂ ਉਤਰ ਰਹੇ। ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ 9 ਦਸੰਬਰ ਦੀ ਮੀਟਿੰਗ ਵਿਚ ਜਨਰਲ ਕੈਟਾਗਰੀ ਕਮਿਸ਼ਨ ਅਤੇ ਵੈੱਲਫੇਅਰ ਬੋਰਡ ਬਣਾ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਕੀਤਾ ਗਿਆ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਜਨਰਲ ਵਰਗ ਦੀਆਂ ਮੰਗਾਂ ਪੂਰੀਆਂ ਹੋਣ ਦੇ ਰਸਤੇ ਵਿਚ ਕੁੱਝ ਮੰਤਰੀ ਤੇ ਅਫ਼ਸਰਸ਼ਾਹੀ ਅੜਿੱਕੇ ਢਾਹ ਰਹੀ ਹੈ ਅਤੇ ਮੁੱਖ ਮੰਤਰੀ ਦੀ ਖ਼ਾਮੋਸ਼ੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਇਹ ਸਭ ਕੁੱਝ ਮਿਲੀ ਭੁਗਤ ਦੇ ਨਾਲ ਹੋ ਰਿਹਾ ਹੈ। ਫੈਡਰੇਸ਼ਨ ਆਗੂਆਂ ਨੇ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਨਰਲ ਵਰਗ ਵਿਰੋਧੀ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ ਅਤੇ ਇਹ ਗੱਲ ਨਾ ਭੁੱਲਣ ਕਿ ਕੁੱਝ ਦਿਨਾਂ ਬਾਅਦ ਉਨ੍ਹਾਂ ਨੇ ਜਨਰਲ ਵਰਗ ਤੋਂ ਵੋਟਾਂ ਲੈਣ ਜਾਣਾ ਹੈ ਫਿਰ ਜਨਰਲ ਵਰਗ ਆਪਣੇ ਹੱਕਾਂ ਦੀ ਅਣਦੇਖੀ ਸੰਬੰਧੀ ਸੁਆਲ ਪੁੱਛੇਗਾ ਅਤੇ ਇਨ੍ਹਾਂ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਵਲ਼ੋਂ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਅਗਲਾ ਪ੍ਰੋਗਰਾਮ ਉਲੀਕਣ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਕਿ ਭਵਿਖ ਵਿਚ ਸੰਘਰਸ਼ ਨੂੰ ਹੋਰ ਤਿਖਾ ਕਰਨ ਦਾ ਪ੍ਰੋਗਰਾਮ ਉਲੀਕੇਗੀ।






















