ਜਦੋਂ ਮੁੱਖ ਮੰਤਰੀ ਚੰਨੀ ਨੇ ਬੱਚਿਆਂ ਨੂੰ ਦਿੱਤੇ ਹੈਲੀਕਾਪਟਰ ਦੇ ਝੂਟੇ
ਪੜ੍ਹੋ, ਚਰਨਜੀਤ ਚੰਨੀ ਦਾ ਇਕ ਹੋਰ ਨਿਵੇਕਲਾ ਕਿੱਸਾ

ਚੰਡੀਗੜ੍ਹ, 29 ਨਵੰਬਰ(ਵਿਸ਼ਵ ਵਾਰਤਾ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਮੋਰਿੰਡਾ ਫੇਰੀ ਦੌਰਾਨ ਹੈਲੀਕਾਪਟਰ ਦੇ ਨਜ਼ਦੀਕ ਖੇਡਦੇ ਪਿੰਡ ਦੇ ਕੁਝ ਬੱਚਿਆਂ ਨੂੰ ਹੈਲੀਕਾਪਟਰ ਵਿੱਚ ਆਪਣੇ ਨਾਲ ਬਿਠਾ ਕੇ ਅਸਮਾਨ ਦੀ ਸੈਰ ਕਰਵਾਈ। ਇਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਸ਼ੇਅਰ ਕੀਤੀਆਂ।
ਉਹਨਾਂ ਨੇ ਆਪਣੀ ਪੋਸਟ ਵਿੱਚ ਲਿਖਿਆ “ਬੱਚੇ ਪੰਜਾਬ ਤੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪਰਵਾਜ਼ ਦੇਣਾ ਮੇਰੇ ਜੀਵਨ ਦਾ ਟੀਚਾ ਹੈ।
ਅੱਜ ਰੋਜ਼ਾਨਾ ਦੇ ਕੰਮਕਾਜ ਦੌਰਾਨ ਮੋਰਿੰਡਾ ਵਿਖੇ ਹੈਲੀਕਾਪਟਰ ਕੋਲ ਇਹਨਾਂ ਬੱਚਿਆਂ ਨੂੰ ਖੇਡਦੇ ਦੇਖਿਆ। ਉਹ ਸਮਾਂ ਯਾਦ ਆਇਆ ਜਦੋਂ ਅਸੀਂ ਛੋਟੇ ਹੁੰਦੇ ਅਸਮਾਨ ਵਿੱਚ ਉਡਦੇ ਉੱਡਣ ਖਟੋਲਿਆਂ ਨੂੰ ਦੇਖ ਕੇ ਸੋਚਦੇ ਹੁੰਦੇ ਸੀ ਕਿ ਸਾਨੂੰ ਵੀ ਕਦੇ ਝੂਟੇ ਲੈਣ ਦਾ ਮੌਕਾ ਮਿਲੂ।
ਅੱਜ ਉਸੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਮੈਂ ਪਿੰਡਾਂ ਦੇ ਕੁੱਝ ਬੱਚਿਆਂ ਨੂੰ ਹੈਲੀਕਾਪਟਰ ਦਾ ਝੂਟਾ ਦਿਵਾ ਕੇ ਉਨ੍ਹਾਂ ਦੇ ਅਸਮਾਨ ਛੂਹਣ ਦੇ ਸੁਪਨੇ ਨੂੰ ਸਾਕਾਰ ਕੀਤਾ। ਇਹਨਾਂ ਨੂੰ ਮਿਲਕੇ ਅਤੇ ਇਹਨਾਂ ਨਾਲ ਗੱਲ ਕਰਕੇ ਇਹ ਮਹਿਸੂਸ ਹੋਇਆ ਕਿ ਪੰਜਾਬ ਵਿੱਚ ਕਾਬਲੀਅਤ ਦੀ ਕਮੀ ਨਹੀਂ ਬਸ ਇਨ੍ਹਾਂ ਬੱਚਿਆਂ ਨੂੰ ਸਹੀ ਮਾਰਗ ਦਰਸ਼ਨ ਦੇਣ ਦੀ ਲੋੜ ਹੈ। ਮੇਰਾ ਇਨ੍ਹਾਂ ਸਮੇਤ ਪੰਜਾਬ ਦੇ ਸਾਰੇ ਬੱਚਿਆਂ ਨਾਲ ਵਾਅਦਾ ਹੈ ਕਿ ਮੈਂ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਸਿਰਜਣਾ ਲਈ ਹਰ ਹੀਲਾ ਕਰਦਾ ਰਹਾਂਗਾ। ਪੰਜਾਬ ਸਰਕਾਰ ਸਭ ਦੀ ਸਰਕਾਰ ਹੈ ਅਤੇ ਸਭ ਦੇ ਸੁਪਨੇ ਸਾਕਾਰ ਕਰਨਾ ਮੇਰੀ ਅਤੇ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ”
https://www.instagram.com/p/CW0iML2J5nt/?utm_medium=copy_link






















