ਲੁਧਿਆਣਾ : 30 ਅਪਰੈਲ- ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਸ: ਜਗਦੇਵ ਸਿੰਘ ਜੱਸੋਵਾਲ ਦੇ 85 ਵੇਂ ਜਨਮ ਦਿਹਾੜੇ ਤੇ
ਅੱਜ ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ, ਕਲਾਕਾਰਾਂ ਤੇ ਪਰਿਵਾਰਕ ਸਨੇਹੀਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਨੂੰ ਸ: ਜਗਦੇਵ ਸਿੰਘ ਜੱਸੋਵਾਲ ਦੇ ਨਿੱਕੇ ਭਰਾਤਾ ਤੇ ਫਾਉਂਡੇਸ਼ਨ ਦੇ ਚੇਅਰਮੈਨ ਸ: ਇੰਦਰਜੀਤ ਸਿੰਘ ਗਰੇਵਾਲ ਸਾਬਕਾ ਸੰਯੁਕਤ ਟਰਾਂਸਪੋਰਟ ਕਮਿਸ਼ਨਰ ਪੰਜਾਬ ਨੇ ਜੀ ਆਇਆਂ ਨੂੰ ਕਿਹਾ।
ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਸ: ਪਰਗਟ ਸਿੰਘ ਗਰੇਵਾਲ ਨੇ ਉਨ੍ਹਾਂ ਦੀ ਜੀਵਨ ਘਾਲਣਾ ਤੇ ਕੀਤੀਆਂ ਸੇਵਾਵਾਂ ਦਾ ਜ਼ਿਕਰ ਕੀਤਾ।
ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸ: ਜੱਸੋਵਾਲ ਨੇ ਸਾਡੀ ਉਂਗਲੀ ਫੜ ਕੇ ਇਤਿਹਾਸ ਤੇ ਵਿਰਾਸਤ ਤੋਂ ਜਾਣੂੰ ਕਰਵਾਇਆ। ਮਾਲਵਾ ਸਭਿਆਚਾਰਕ ਮੰਚ ਵੱਲੋਂ ਹਰ ਸਾਲ ਹੋਣ ਵਾਲਾ ਧੀਆਂ ਦਾ ਲੋਹੜੀ ਮੇਲਾ ਵੀ ਸ: ਜਗਦੇਵ ਸਿੰਘ ਜੱਸੋਵਾਲ ਦੀ ਦੇਣ ਹੈ।
ਇਸ ਮੌਕੇ ਸ: ਦਰਸ਼ਨ ਸਿੰਘ ਸ਼ੰਕਰ ਰਾਹੀਂ ਭੇਜੇ ਆਪਣੇ ਵਿਸ਼ੇਸ਼ ਸੁਨੇਹੇ ਵਿੱਚ ਮੈਂਬਰ ਪਾਰਲੀਮੈਂਟ ਸ: ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸ: ਜੱਸੋਵਾਲ ਦੀਆਂ ਸਿਖਿਆਵਾਂ ਤੇ ਅਮਲ ਕਰਕੇ ਅੱਜ ਦੀ ਜਵਾਨੀ ਨੂੰ ਖੇਡਾਂ ਸਾਹਿੱਤ, ਕਸਰਤ ਅਤੇ ਸਾਰਥਕ ਕੰਮਾਂ ਵੱਲ ਮੋੜਿਆ ਜਾ ਸਕਦਾ ਹੈ। ਉਹ ਦੂਰ ਦ੍ਰਿਸ਼ਟੀ ਵਾਲੇ ਬਜ਼ੁਰਗ ਸਨ ਜਿੰਨ੍ਹਾਂ ਨੇ ਪੰਜਾਬ ਨੂੰ ਅਤਿਵਾਦ ਦੇ ਦੌਰ ਚ ਵੀ ਨੱਚਣਾ ਗਾਉਣਾ ਤੇ ਜੀਉਣਾ ਨਹੀਂ ਭੁੱਲਣ ਦਿੱਤਾ। ਉਹ ਨਿਰਛਲ ਸਮਾਜ ਸੁਧਾਰਕ ਸਨ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਸ: ਜੱਸੋਵਾਲ ਨਾਲ ਲੰਮਾ ਸਮਾਂ ਕੰਮ ਕਰਨ ਵਾਲੇ ਲੇਖਕ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ: ਜਗਦੇਵ ਸਿੰਘ ਜੱਸੋਵਾਲ ਧਰਮ, ਧਰਤੀ, ਤਹਿਜੀਬ ਤੇ ਸਭਿਆਚਾਰਕ ਵੰਨਸੁਵੰਨਤਾ ਲਈ ਲਗਾਤਾਰ ਫ਼ਿਕਰਮੰਦ ਰਹਿਣ ਵਾਲੇ ਚਿੰਤਕ ਸਨ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਰਾਜਨੀਤੀ ਸ਼ਾਸਤਰ ਤੇ ਪੰਜਾਬੀ ਚ ਪੋਸਟਗਰੈਜੂਏਟ ਹੋਣ ਤੋਂ ਇਲਾਵਾ ਲਾਅ ਗਰੈਜੂਏਟ ਸਨ। ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਦੇਸ਼ ਵਿੱਚ ਪਹਿਲੀ ਗੈਰ ਕਾਂਗਰਸੀ ਸਰਕਾਰ ਦੇ ਪਹਿਲੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਜੀ ਨੂੰ ਸ਼੍ਰੋਮਣੀ ਅਕਾਲੀਦਲ ਚ ਲਿਆਉਣ ਵਾਲੇ ਸਨ।
ਸ: ਕਪੂਰ ਸਿੰਘ ਆਈ ਸੀ ਐੱਸ ਦੀ ਪ੍ਰੇਰਨਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਦਿਵਸ ਮਨਾਉਣ ਦੀ ਉਨ੍ਹਾਂ ਨੇ ਹੀ ਪਹਿਲਕਦਮੀ ਕੀਤੀ ਅਤੇ ਬਾਦ ਚ ਜ਼ੁੰਮੇਵਾਰੀ ਕ੍ਰਸ਼ਨ ਕੁਮਾਰ ਬਾਵਾ ਜੀ ਨੂੰ ਸੌਪੀ।
ਰਾਇਕੋਟ ਬੱਸੀਆਂ ਸਥਿਤ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਦੀ ਸੇਵਾ ਵੀ ਉਨ੍ਹਾਂ ਦੀ ਪ੍ਰੇਰਨਾ ਸਦਕਾ ਸੰਪੂਰਨ ਹੋ ਸਕੀ। ਇਸ ਮੌਕੇ ਉੱਘੇ ਗਾਇਕ ਸਮਾਜ ਸੇਵਕ, ਬੁੱਧੀਜੀਵੀ ਸ: ਤੇਜ ਪ੍ਰਤਾਪ ਸਿੰਘ ਸੰਧੂ, ਗੁਰਨਾਮ ਸਿੰਘ ਧਾਲੀਵਾਲ,ਕੰਵਲਜੀਤ ਸਿੰਘ ਸ਼ੰਕਰ, ਬ ਸ ਔਜਲਾ,ਸ ਸ ਸੇਖੋਂ ਪਮਾਲ, ਅਜੈ ਸਿੱਧੂ , ਆਜ਼ਾਦ ਗਤਕਾ ਕਲੱਬ,ਬਲਵੰਤ ਸਿੰਘ ਧਨੋਆ,ਦਲਜੀਤ ਬਾਗੀ, ਸਰਬਜੀਤ ਵਿਰਦੀ, ਜਸਬੀਰ ਸਿੰਘ ਘੁਲਾਲ, ਅਮਰਜੀਤ ਸ਼ੇਰ ਪੁਰੀ, ਡਾ: ਨਿਰਮਲ ਜੌੜਾ ਸਕੱਤਰ ਜਨਰਲ ਸਮੇਤ ਵੱਡੀ ਗਿਣਤੀ ਚ ਸੱਜਣ ਪਿਆਰੇ ਹਾਜ਼ਰ ਸਨ।
ਹਾਜ਼ਰ ਸੱਜਣਾਂ ਦਾ ਧੰਨਵਾਦ ਕਰਦਿਆਂ ਸ: ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਸ: ਅਮਰਿੰਦਰ ਸਿੰਘ ਜੱਸੋਵਾਲ ਨੇ ਕਿਹਾ ਕਿ ਗੁਰਦੇਵ ਨਗਰ ਸਥਿਤ ਜੱਸੋਵਾਲ ਜੀ ਦਾ ਆਲ੍ਹਣਾ ਅੱਜ ਵੀ ਲੇਖਕਾਂ ਕਲਾਕਾਰਾਂ ਤੇ ਸਮਾਜ ਸੇਵਕਾਂ ਲਈ ਦਿਨ ਰਾਤ ਖੁੱਲ੍ਹਾ ਹੈ ਕਿਉਂਕਿ ਉਹ ਸਰੀਰਕ ਤੌਰ ਤੇ ਜਰੂਰ ਗਏ ਹਨ ਪਰ ਆਤਮਿਕ ਤੌਰ ਤੇ ਸਾਡੇ ਅੰਗ ਸੰਗ ਹਨ।
ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਮੋਹਾਲੀ ਤੋਂ ਸਾਈਕਲੋਥੌਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਮੋਹਾਲੀ ਤੋਂ ਸਾਈਕਲੋਥੌਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਚੰਡੀਗੜ੍ਹ, 25ਮਈ(ਵਿਸ਼ਵ...