
ਪਟਿਆਲਾ, 17 ਨਵੰਬਰ (ਵਿਸ਼ਵ ਵਾਰਤਾ)- ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਤਾਰ ਸਿੰਘ ਸਰਾਭਾ –ਜੀਵਨ ਅਤੇ ਕੁਰਬਾਨੀ ਨੂੰ ਸਟੇਟ ਕਾਲਜ,ਪਟਿਆਲਾ ਦੇ ਸੈਮੀਨਾਰ ਹਾਲ ਵਿਚ ਕਰਵਾਇਆ ਗਿਆ। ਜਿਸ ਦੇ ਸਵਾਗਤੀ ਸ਼ਬਦ ਡੀਨ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਡਾ.ਜੀ.ਐੱਸ ਬਤਰਾ ਨੇ ਕਹੇ।ਡਾ. ਜੀ.ਐੱਸ ਬਤਰਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਜਨਮ 24 ਮਈ 1896 ਨੂੰ , ਲੁਧਿਆਣੇ ਦੇ ਸਰਾਭਾ ਪਿੰਡ ਵਿੱਚ ਸ. ਮੰਗਲ ਸਿੰਘ ਦੇ ਘਰ ਹੋਇਆ। ਉਹ ਬਚਪਨ ਤੋਂ ਹੀ ਅਣਥੱਕ, ਮਿਹਨਤੀ, ਜੋਸ਼ੀਲੇ, ਤੀਕਸ਼ਣ ਬੁੱਧੀ ਅਤੇ ਦੇਸ਼ ਭਗਤ ਸਨ। ਇਸ ਬਾਗੀ ਜਰਨੈਲ ਨੇ ਗ਼ਦਰ ਲਹਿਰ ‘ਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਤੇ ਸਭ ਤੋਂ ਛੋਟੀ ਉਮਰ ਵਿੱਚ ਫਾਂਸੀ ਦਾ ਰੱਸਾ ਹੱਸ ਕੇ ਚੁੰਮਿਆ।
ਆਪਣੇ ਵਿਸ਼ੇਸ਼ ਭਾਸ਼ਣ ਵਿਚ ਸੇਵਾਮੁਕਤ ਪ੍ਰੋਫੈਸਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਡਾ. ਚਮਨ ਲਾਲ ਨੇ ਕਿਹਾ ਕਿ ਸਤਿਕਾਰਯੋਗ ਬਾਬਾ ਸੋਹਣ ਸਿੰਘ ਭਕਨਾ ਜੀ ਪਿਆਰ ਨਾਲ ਕਰਤਾਰ ਸਿੰਘ ਨੂੰ ” ਮੇਰਾ ਜਰਨੈਲ ” ਕਹਿ ਕੇ ਸਨਮਾਨ ਦਿੰਦੇ ਸਨ। ਉਹ ਗ਼ਦਰ ਅਖ਼ਬਾਰ ਦੇ ਸਰਗਰਮ ਕਾਰਜਕਰਤਾ ਸਨ। ਉਹਨਾਂ ਨੇ ਗ਼ਦਰ ਲਹਿਰ ਅਤੇ ਭਾਰਤ ਮਾਂ ਦੀ ਅਜ਼ਾਦੀ ਲਈ ਜੀਵਨ ਸਮਰਪਿਤ ਕਰ ਦਿੱਤਾ। ਅੰਤ ਬਰਤਾਨਵੀ ਹਕੂਮਤ ਨੇ 15 ਸਾਲ ਦੀ ਉਮਰ ਦੇ ਕ੍ਰਾਂਤੀਕਾਰੀ ਨੂੰ 16 ਨਵੰਬਰ 1915 ਨੂੰ ਫਾਂਸੀ ਲਗਾ ਦਿੱਤੀ ਸੀ। ਇਸ ਸਮਾਗਮ ਦੇ ਅਖੀਰ ਵਿੱਚ ਡਾ.ਅਮਰਜੀਤ ਸਿੰਘ ਨੇ ਸਾਰਿਆ ਦਾ ਧੰਨਵਾਦ ਕੀਤਾ।























