ਚੰਡੀਗੜ੍ਹ ਵਿੱਚ ਵੱਜਿਆ ਮੇਅਰ ਦੀ ਚੋਣ ਦਾ ਬਿਗਲ
ਪੜ੍ਹੋ ਕਦੋਂ ਹੋਵੇਗੀ ਚੋਣ,ਭਾਜਪਾ,ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸ਼ੁਰੂ ਕੀਤਾ ਮੰਥਨ
ਚੰਡੀਗੜ੍ਹ, 3 ਜਨਵਰੀ (ਵਿਸ਼ਵ ਵਾਰਤਾ)-ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਦਾ ਬਿਗਲ ਵੱਜ ਗਿਆ ਹੈ। 12 ਜਨਵਰੀ ਨੂੰ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਅਤੇ 17 ਜਨਵਰੀ ਨੂੰ ਸਵੇਰੇ 11 ਵਜੇ ਨਗਰ ਨਿਗਮ ਭਵਨ ਵਿੱਚ ਚੋਣ ਹੋਵੇਗੀ। ਡੀਸੀ ਯਸ਼ਪਾਲ ਗਰਗ ਨੇ ਸੋਮਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤਾ। ਚੋਣ ਲਈ ਨਾਮਜ਼ਦ ਕੌਂਸਲਰ ਅਮਿਤ ਜਿੰਦਲ ਨੂੰ ਪ੍ਰੀਜ਼ਾਈਡਿੰਗ ਅਫਸਰ ਬਣਾਇਆ ਗਿਆ ਹੈ।ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਵਾਂ ਨੂੰ ਲੈ ਕੇ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਮੰਥਨ ਸ਼ੁਰੂ ਹੋ ਗਿਆ ਹੈ। ਗੁਪਤ ਮੀਟਿੰਗਾਂ ਦਾ ਦੌਰ ਜਾਰੀ ਹੈ। ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਪਿਛਲੀ ਸਦਨ ਦੀ ਮੀਟਿੰਗ ਵਿੱਚ ਹੰਗਾਮੇ ਤੋਂ ਬਾਅਦ ਭਾਜਪਾ ਨੂੰ ਮੇਅਰ ਬਣਨ ਤੋਂ ਰੋਕਣ ਲਈ ਇਸ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਚੋਣ ਲੜ ਸਕਦੇ ਹਨ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਮੇਅਰ ਤੇ ਡਿਪਟੀ ਮੇਅਰ ਦਾ ਅਹੁਦਾ ਆਪਣੇ ਕੋਲ ਰੱਖ ਸਕਦੀ ਹੈ, ਜਦਕਿ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਕਾਂਗਰਸ ਨੂੰ ਦਿੱਤਾ ਜਾ ਸਕਦਾ ਹੈ। ਕਿਉਂਕਿ ਕੋਈ ਵੀ ਪਾਰਟੀ ਆਪਣੇ ਦਮ ‘ਤੇ ਆਪਣਾ ਮੇਅਰ ਨਹੀਂ ਬਣਾ ਸਕਦੀ। ਹਾਲਾਂਕਿ ਹੁਣ ਤੱਕ ‘ਆਪ’ ਅਤੇ ਕਾਂਗਰਸ ਦੋਵਾਂ ਪਾਰਟੀਆਂ ਨੇ ਇਸ ਗੱਲ ਦੀ ਖੁੱਲ੍ਹ ਕੇ ਪੁਸ਼ਟੀ ਨਹੀਂ ਕੀਤੀ ਹੈ। ਦੂਜੇ ਪਾਸੇ ਭਾਜਪਾ ਦਾ ਦਾਅਵਾ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਜਿੱਤੇਗੀ।ਚੋਣ ਜਿੱਤਣ ਲਈ ਕਿਸੇ ਕੋਲ ਸਪੱਸ਼ਟ ਬਹੁਮਤ ਨਹੀਂ ਹੈ।
ਫਿਲਹਾਲ ਨਗਰ ਨਿਗਮ ਵਿੱਚ ਮੇਅਰ ਦੀ ਚੋਣ ਜਿੱਤਣ ਲਈ ਕਿਸੇ ਵੀ ਪਾਰਟੀ ਕੋਲ ਸਪੱਸ਼ਟ ਬਹੁਮਤ ਨਹੀਂ ਹੈ। ‘ਆਪ’ ਦੇ 14, ਭਾਜਪਾ ਦੇ 14, ਕਾਂਗਰਸ ਦੇ 6 ਅਤੇ ਅਕਾਲੀ ਦਲ ਦੇ 1 ਕਾਰਪੋਰੇਟਰ ਹਨ। ਇਸ ਤੋਂ ਇਲਾਵਾ ਮੇਅਰ ਦੀ ਚੋਣ ਵਿਚ ਇਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਹੈ, ਇਸ ਲਈ ਭਾਜਪਾ ਕੋਲ 15 ਵੋਟਾਂ ਹਨ ਪਰ ਚੋਣ ਵਿਚ ਬਹੁਮਤ ਦਾ ਅੰਕੜਾ 19 ਹੈ ਅਤੇ ਇਹ ਜਾਦੂਈ ਅੰਕੜਾ ਕਿਸੇ ਇਕ ਪਾਰਟੀ ਕੋਲ ਨਹੀਂ ਹੈ। ਕਾਂਗਰਸ ਨੇ ਪਿਛਲੀਆਂ ਚੋਣਾਂ ਦਾ ਬਾਈਕਾਟ ਕੀਤਾ ਸੀ, ਜਿਸ ਕਾਰਨ ਭਾਜਪਾ ਅਤੇ ‘ਆਪ’ ਵਿਚਾਲੇ ਸਖ਼ਤ ਟੱਕਰ ਦੇ ਬਾਵਜੂਦ ਭਾਜਪਾ ਆਪਣਾ ਮੇਅਰ ਹਾਸਲ ਕਰਨ ‘ਚ ਕਾਮਯਾਬ ਰਹੀ |