5 ਅਪਰੈਲ ਤੋਂ 10 ਅਪਰੈਲ ਤੱਕ ਮਾਨਸਾ ਦੀਆਂ ਜ਼ਿਲ੍ਹਾ ਕਚਹਿਰੀਆਂ ਵਿਚ ਮੁਆਵਜੇ ਲਈ ਲੱਗਿਆ ਸੀ ਮੋਰਚਾ
ਮਾਨਸਾ, 11 ਅਪਰੈਲ (ਵਿਸ਼ਵ ਵਾਰਤਾ)-ਚੰਡੀਗੜ੍ਹ ਵਿਚ ਸੱਤ ਕਿਸਾਨ ਜਥੇਬੰਦੀਆਂ ਵੱਲੋਂ 3 ਅਪਰੈਲ ਨੂੰ ਕੀਤੀ ਗਈ ਰੈਲੀ ਤੋਂ ਵਾਪਸੀ ਦੌਰਾਨ ਸੜਕ ਹਾਦਸੇ ਵਿਚ ਮਾਰੇ ਗਏ ਦੋ ਕਿਸਾਨਾਂ ਦਾ ਅੱਜ ਬਾਅਦ ਦੁਪਹਿਰ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਅਤੇ ਕਾਹਨਗੜ੍ਹ ਵਿਖੇ ਅੰਤਮ ਸਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਇਨ੍ਹਾਂ ਕਿਸਾਨਾਂ ਦੀਆਂ ਲਾਸ਼ਾਂ ਨੂੰ, ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ *ਚੋਂ ਪੋਸਟ ਮਾਰਟਮ ਕਰਵਾਕੇ ਇਕ ਕਾਫਲੇ ਦੇ ਰੂਪ ਵਿਚ ਉਨ੍ਹਾਂ ਦੇ ਘਰਾਂ ਵਿਚ ਲਿਆਂਦਾ ਗਿਆ, ਜਿਥੇ ਰਿਸ਼ਤੇਦਾਰਾਂ ਸਮੇਤ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਨੂੰ ਅੰਤਮ ਦਰਸ਼ਨ ਕਰਵਾਉਣ ਤੋਂ ਬਾਅਦ ਪੂਰੇ ਜਥੇਬੰਦਕ ਅਸੂਲਾਂ ਅਨੁਸਾਰ ਸਸਕਾਰ ਕੀਤਾ ਗਿਆ। ਸਸਕਾਰ ਦੌਰਾਨ ਵੱਡੀ ਗਿਣਤੀ ਵਿਚ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਦੋਨੇ ਕਿਸਾਨਾਂ ਨੂੰ ਕਿਸਾਨੀਂ ਸੰਘਰਸ਼ ਦੇ ਸ਼ਹੀਦ ਐਲਾਨਿਆ ਗਿਆ।
ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਇਕ ਵੱਡੀ ਜੱਦੋ—ਜ਼ਹਿਦ ਤੋਂ ਬਾਅਦ ਕੱਲ੍ਹ ਬਾਅਦ ਦੁਪਹਿਰ ਹੋਏ ਸਮਝੌਤੇ ਤੋਂ ਮਗਰੋਂ ਅੱਜ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੋਸਟ ਮਾਰਟਮ ਕਰਵਾਕੇ ਲਾਸ਼ਾਂ ਨੂੰ ਪਿੰਡ ਖੀਵਾ ਕਲਾਂ ਅਤੇ ਕਾਹਨਗੜ੍ਹ ਵਿਖੇ ਦੁਪਹਿਰ ਪਿੱਛੋਂ ਲਿਆਂਦਾ ਗਿਆ। ਇਹ ਲਾਸ਼ਾਂ 4 ਅਪਰੈਲ ਦੀਆਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚਲੇ ਮੁਰਦਾਘਰ ਵਿਚ ਪਈਆਂ ਸਨ, ਜਿਉਂ ਹੀ ਇਹ ਲਾਸ਼ਾਂ ਕਿਸਾਨੀਂ ਕਾਫਲਿਆਂ ਦੇ ਰੂਪ ਵਿਚ ਪਿੰਡਾਂ *ਚ ਪੁੱਜੀਆਂ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਸੈਕੜੇਂ ਕਿਸਾਨਾਂ ਨੇ ਸ਼ਹੀਦਾਂ ਦੇ ਪੱਖ ਵਿਚ ਅਤੇ ਸਰਕਾਰ ਵਿਰੋਧੀ ਨਾਅਰੇਬਾਜੀ ਕੀਤੀ ਗਈ।
ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਦੇਹਾਂ ਦੇ ਦਰਸ਼ਨ ਕਰਾਉਂਣ ਤੋਂ ਬਾਅਦ ਪਿੰਡ ਖੀਵਾਂ ਕਲਾਂ ਤੇ ਕਾਹਨਗੜ੍ਹ ਦੇ ਸਮਸਾਨਘਾਟ ਵਿੱਚ ਸ਼ਹੀਦ ਕਿਸਾਨਾਂ ਦਾ ਸਸਕਾਰ ਕਰ ਦਿੱਤਾ ਗਿਆ। ਸੁਰਜੀਤ ਸਿੰਘ ਦੀ ਚਿੱਖਾ ਨੂੰ ਅੱਗ ਉਹਨਾਂ ਦੇ ਭਤੀਜੇ ਜਸਵੰਤ ਸਿੰਘ ਅਤੇ ਅਜਮੇਰ ਸਿੰਘ ਦੀ ਚਿੱਖਾ ਨੂੰ ਉਨ੍ਹਾਂ ਦੇ ਪੁੱਤਰ ਕੁਲਵਿੰਦਰ ਸਿੰਘ ਵੱਲੋਂ ਲਾਂਬੂੰ ਲਾਇਆ ਗਿਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮਹਿੰਦਰ ਸਿੰਘ ਰੁਮਾਣਾ, ਰਾਮ ਸਿੰਘ ਭੈਣੀਬਾਘਾ, ਇੰਦਰਜੀਤ ਸਿੰਘ ਝੱਬਰ, ਜੋਗਿੰਦਰ ਸਿੰਘ ਦਿਆਲਪੁਰਾ, ਸਿੰਗਾਰਾ ਸਿੰਘ ਮਾਨ, ਬੀ.ਕੇ.ਯੂ. ਡਕੌਂਦਾ ਦੇ ਮਹਿੰਦਰ ਸਿੰਘ ਭੈਣੀਬਾਘਾ, ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਭੋਲਾ ਸਿੰਘ ਸਮਾਓ ਮੁੱਖ ਰੂਪ ਵਿਚ ਹਾਜਰ ਸਨ।
ਫੋਟੋ ਕੈਪਸ਼ਨ: ਪਿੰਡ ਖੀਵਾ ਕਲਾਂ ਵਿਖੇ ਮ੍ਰਿਤਕ ਕਿਸਾਨ ਸੁਰਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਕਾਫਲੇ ਦੇ ਰੂਪ ਵਿਚ ਲੈਕੇ ਜਾਂਦੇ ਕਿਸਾਨ। ਫੋਟੋ: ਮਾਨ