ਚੰਡੀਗੜ੍ਹ ਮੇਅਰ ਦੀ ਚੋਣ : ਭਾਜਪਾ ਦਾ ਅਸਲੀ ਚਿਹਰਾ ਆਇਆ ਸਾਹਮਣੇ- ਵਿਧਾਇਕ ਬੁੱਧਰਾਮ
ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਖੁਸ਼ੀ ’ਚ ਵੰਡੇ ਲੱਡੂ
ਮਾਨਸਾ, 21ਫਰਵਰੀ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਦੇ ਵਿਧਾਇਕ ਪਿ੍ਰੰਸੀਪਲ ਬੁੱਧਰਾਮ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਮੇਅਰ ਦੀ ਚੋਣ ਦੌਰਾਨ ਧੰਕੇ ਨਾਲ ਬਣਾਏ ਗਏ ਮੇਅਰ ਨੂੰ ਹਟਾਕੇ ਆਮ ਆਦਮੀ ਪਾਰਟੀ ਦੇ ਮੇਅਰ ਲਗਾਉਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਝੂਠ ਦੇ ਪੈਰ ਨਹੀਂ ਹੁੰਦੇ ਹਨ।ਇਸ ਮੌਕੇ ਪਾਰਟੀ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੱਡੂ ਵੰਡੇ ਗਏ।
ਪਾਰਟੀ ਦੇ ਸੂਬਾ ਪ੍ਰਧਾਨ ਪਿ੍ਰੰਸੀਪਲ ਬੁੱਧਰਾਮ ਨੇ ਕਿਹਾ ਕਿ ਭਾਜਪਾ ਨੇ ਲੋਕਤੰਤਰ ਦਾ ਮਜ਼ਾਕ ਉਡਾਉਦਿਆਂ ਧੱਕੇ ਨਾਲ ਪਹਿਲੀ ਮਿਥੀ ਤਰੀਕ ’ਤੇ ਚੋਣ ਮੁਲਤਵੀ ਕਰਵਾਈ ਅਤੇ ਅਗਲੀ ਚੋਣ ਤੇ ਪ੍ਰਜਾਇੰਡਿੰਗ ਅਫਸਰ ਤੋਂ 8 ਵੋਟਾਂ ਰੱਦ ਕਰਵਾਈਆਂ ਅਤੇ ਭਾਜਪਾ ਦੇ ਮੇਅਰ ਨੂੰ ਜੇਤੂ ਕਰਾਰ ਦਿਵਾਇਆ, ਜਿਸ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਸੀ।ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਉਮੀਦਵਾਰ ਨਾਲ ਹੋਏ ਧੱਕੇ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਪਾਈ, ਜਿਸ ’ਤੇ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਕਰਾਰ ਵੀ ਦਿੱਤਾ ਅਤੇ ਪ੍ਰਜਾਇੰਡਿੰਗ ਅਫਸਰ ਵੱਲੋਂ ਰੱਦ ਕੀਤੀਆਂ 8 ਵੋਟਾਂ ਨੂੰ ਵੀ ਸਹੀ ਕਰਾਰ ਦਿੱਤਾ।
ਉਨ੍ਹਾਂ ਨੇ ਇਸ ਫੈਸਲੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ,ਜਨਰਲ ਸਕੱਤਰ ਸੰਦੀਪ ਪਾਠਕ,ਭਗਵੰਤ ਮਾਨ ਮੁੱਖ ਮੰਤਰੀ ਪੰਜਾਬ,ਮੇਅਰ ਕੁਲਦੀਪ ਕੁਮਾਰ ਅਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਾਰੇ ਕੌਂਸਲਰਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਭਾਜਪਾ ਦੀ ਧੱਕੇਸ਼ਾਹੀ ਖਿਲਾਫ ਡੱਟਕੇ ਖੜਾਂਗੇ।
ਇਸ ਮੌਕੇ ਸਤੀਸ਼ ਸਿੰਗਲਾ,ਸੋਹਣਾ ਸਿੰਘ ਕਲੀਪੁਰ,ਬਲਵਿੰਦਰ ਸਿੰਘ,ਐਡਵੋਕੇਟ ਚੰਦਨ ਗੁਪਤਾ,ਸੁਖਪਾਲ ਸਿੰਘ, ਸੁਖਦੀਪ ਸਿੰਘ,ਗੁਰਜੰਟ ਸਿੰਘ ਸੈਣੀ,ਲਲਿਤ ਸੈਂਟੀ,ਸੰਦੀਪ ਕੁਮਾਰ ਵੀ ਮੌਜੂਦ ਸਨ।
ਕੈਪਸ਼ਨ: ਬੁਢਲਾਡਾ ’ਚ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈਕੇ ਵਿਧਾਇਕ ਪਿ੍ਰੰਸੀਪਲ ਬੁੱਧਰਾਮ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਵਰਕਰ।