ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ 25 ਹਜ਼ਾਰ ਤੋਂ ਵੱਧ ਵਰਕਰਾਂ ਤੇ ਵਾਲੰਟੀਅਰਾਂ ਦੀ ਸੂਚੀ ਕੇਂਦਰੀ ਲੀਡਰਸ਼ਿਪ ਨੂੰ ਸੌਂਪੀ
-ਕਿਹਾ, ਲੋਕ ਸਭਾ ਚੋਣਾਂ ‘ਚ ਹਜ਼ਾਰਾਂ ਭਾਜਪਾ ਵਰਕਰ ਅਤੇ ਵਲੰਟੀਅਰ ਗਰਾਊਂਡ ਜ਼ੀਰੋ ‘ਤੇ ਵਹਾਉਣਗੇ ਪਸੀਨਾ
-ਕਿਹਾ, ਮੋਦੀ ਲਹਿਰ ਅਤੇ ਰਾਮ ਮੰਦਰ ਦੇ ਨਿਰਮਾਣ ਦਾ ਉਤਸ਼ਾਹ ਕਾਂਗਰਸ ਅਤੇ ਆਪ ਗਠਜੋੜ ‘ਤੇ ਪੈ ਸਕਦਾ ਹੈ ਭਾਰੀ
ਚੰਡੀਗੜ੍ਹ, 11 ਮਾਰਚ (ਸਤੀਸ਼ ਕੁਮਾਰ ਪੱਪੀ):- ਚੋਣ ਜ਼ਾਬਤਾ ਲਾਗੂ ਹੋਣ ‘ਚ ਕੁਝ ਹੀ ਘੰਟੇ ਬਾਕੀ ਹਨ, ਟਿਕਟਾਂ ਦੀ ਵੰਡ ਦੀ ਪ੍ਰਕਿਰਿਆ ਚੱਲ ਰਹੀ ਹੈ, ਸਿਆਸੀ ਪਾਰਟੀਆਂ ਦੀ ਹਾਈ ਕਮਾਂਡ ਵੱਲੋਂ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਨਾਵਾਂ ‘ਤੇ ਮਨਜ਼ੂਰੀ ਦੀ ਮੋਹਰ ਲੱਗਣ ਤੋਂ ਬਾਅਦ ਪਾਰਟੀ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਅਤੇ ਸੂਚੀਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਸ ਸਮੇਂ ਭਾਜਪਾ ਤੋਂ ਇਲਾਵਾ ਜਿੱਥੇ ਹੋਰ ਜਥੇਬੰਦੀਆਂ ਵਿੱਚ ਵਰਕਰਾਂ ਦੀ ਘਾਟ ਹੈ ਅਤੇ ਅੰਦਰੂਨੀ ਝਗੜਿਆਂ ਕਾਰਨ ਮਹਾਂਭਾਰਤ ਚੱਲ ਰਿਹਾ ਹੈ, ਉੱਥੇ ਭਾਜਪਾ ਨੇ ਚੋਣ ਰਣਨੀਤੀ ਵਿਚ ਰਾਮ ਲਹਿਰ, ਜਥੇਬੰਦਕ ਸ਼ਕਤੀ ਤੇ ਵਿਕਾਸ ਮਾਡਲ ਰਾਹੀਂ ਵਿਰੋਧੀ ਪਾਰਟੀਆਂ ਨੂੰ ਹਰਾਉਣ ਲਈ ਪੂਰੀ ਤਿਆਰੀ ਕਰ ਲਈ ਹੈ। ਇਸ ਦੌਰਾਨ ਹਾਲ ਹੀ ਵਿੱਚ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ 25 ਹਜ਼ਾਰ ਤੋਂ ਵੱਧ ਵਰਕਰਾਂ ਤੇ ਵਲੰਟੀਅਰਾਂ ਦਾ ਡਾਟਾ ਭਾਜਪਾ ਦੀ ਕੌਮੀ ਲੀਡਰਸ਼ਿਪ ਜਥੇਬੰਦੀ ਨੂੰ ਸੌਂਪਿਆ ਹੈ, ਜਿਸ ਨਾਲ ਭਾਜਪਾ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਲੋਕ ਸਭਾ ਚੋਣਾਂ ਵਿਚ ਜਥੇਬੰਦਕ ਨਜ਼ਰੀਏ ਤੋਂ ਭਾਜਪਾ ਬਹੁਤ ਮਜ਼ਬੂਤ ਸਥਿਤੀ ਵਿਚ ਹੈ ਅਤੇ ਹਾਸ਼ੀਏ ‘ਤੇ ਪਈ ਕਾਂਗਰਸ ਆਪਣੇ ਰਵਾਇਤੀ ਵੋਟਰਾਂ ਦੀਆਂ ਨਜ਼ਰਾਂ ਵਿਚ ਆਪਣੀ ਹੋਂਦ ਗੁਆ ਚੁੱਕੀ ਹੈ, ਕਿਉਂਕਿ ਆਮ ਆਦਮੀ ਪਾਰਟੀ ਨਾਲ ਹੱਥ ਮਿਲਾਉਣ ਅਤੇ ਗਠਜੋੜ ਕਰਨ ਤੋਂ ਬਾਅਦ ਕਾਂਗਰਸ ਦੀਆਂ ਪੁਰਾਣੀਆਂ ਅਤੇ ਰਵਾਇਤੀ ਵੋਟਰਾਂ ਦਾ ਮੰਨ ਖੱਟਾ ਹੋਇਆ ਹੈ ਅਤੇ ਉਨਾਂ ਦੇ ਦਿਲਾਂ ਵਿਚ ਕਿਤੇ ਨਾ ਕਿਤੇ ਇਸ ਗਠਬੰਧਨ ਨੂੰ ਲੈਕੇ ਟੀਸ ਹੈ। ਬੇਸ਼ੱਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਹ ਮੰਨ ਰਹੀਆਂ ਹਨ ਕਿ ਇਹ ਗਠਜੋੜ ਉਨ੍ਹਾਂ ਨੂੰ ਜਾਦੂਈ ਜਿੱਤ ਦਾ ਅੰਕੜਾ ਹਾਸਿਲ ਕਰਕੇ ਨਵੀਂ ਲੋਕ ਸਭਾ ਦੀ ਪੌੜੀ ਚੜ੍ਹਨ ਵਿੱਚ ਸਹਾਈ ਹੋਵੇਗਾ, ਪਰ ਸਿਆਸੀ ਵਿਸ਼ਲੇਸ਼ਕ ਅਤੇ ਇੱਥੋਂ ਤੱਕ ਕਿ ਟਕਸਾਲੀ ਕਾਂਗਰਸੀ ਵੀ ਇਸ ਨਾਲ ਸਹਿਮਤ ਨਹੀਂ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਜੋ ਕਿ ਇਸ ਵੇਲੇ ਮੋਦੀ ਲਹਿਰ ਦੇ ਵਿਚਕਾਰ, ਨਵਾਂ ਉਛਾਲ ਰਾਮ ਮੰਦਰ ਦੇ ਨਿਰਮਾਣ ਦਾ ਹੈ। ਇਸ ਲਹਿਰ ਅਤੇ ਉਛਾਲ ਦੇ ਵਿਚਕਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਤੰਬੂ ਉਖੜ ਜਾਣੇ ਲਗਪਗ ਤੈਅ ਹਨ। ਫਿਲਹਾਲ ਭਾਜਪਾ ਵਰਕਰਾਂ ਅਤੇ ਵਲੰਟੀਅਰਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਉਹ ਘਰ-ਘਰ ਅਤੇ ਹੋਰ ਸਾਧਨਾਂ ਰਾਹੀਂ ਵੋਟਰਾਂ ਨਾਲ ਤਾਲਮੇਲ ਕਾਇਮ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਤੀਜੀ ਵਾਰ ਕਿਉਂ ਜ਼ਰੂਰੀ ਹੈ। ਪੁਰਾਣੀਆਂ ਸਰਕਾਰਾਂ ਦੇ ਮੁਕਾਬਲੇ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਕਿਹੜੇ ਵਿਸ਼ਿਆਂ ‘ਤੇ ਧਿਆਨ ਦਿੱਤਾ ਅਤੇ ਭਾਰਤ ਵਿੱਚ ਵਿਕਾਸ ਦੇ ਢਾਂਚੇ ਵਿੱਚ ਨਵੇਂ ਰੰਗ ਪਾਉਣ ਦੇ ਨਾਲ-ਨਾਲ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਭਾਰਤ ਦਾ ਅਕਸ ਕਿਵੇਂ ਚਮਕਾਇਆ? ਇਸ ਕੰਮ ਲਈ ਵਰਕਰ ਅਤੇ ਵਲੰਟੀਅਰ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਲੈ ਕੇ ਘਰ-ਘਰ ਜਾ ਕੇ ਦਸਤਕ ਦੇਣਗੇ । ਵੱਖ-ਵੱਖ ਖੇਤਰਾਂ ‘ਚ ਵੱਖ-ਵੱਖ ਪੜਾਵਾਂ ‘ਚ ਇਨ੍ਹਾਂ ਕੰਮਾਂ ਨੂੰ ਨੇਪਰੇ ਚਾੜ੍ਹਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।