ਚੰਡੀਗੜ੍ਹ ਨਗਰ ਨਿਗਮ ਮੇਅਰ ਚੋਣ ਲਈ ਨਾਮਜ਼ਦਗੀਆਂ ਦਾ ਦੌਰ ਅੱਜ
ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਫੱਸਵਾਂ ਮੁਕਾਬਲਾ
ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਦੀਆਂ ਕਿਆਸਰਾਈਆਂ ਵੀ ਜੋਰਾਂ ‘ਤੇ
ਚੰਡੀਗੜ੍ਹ, 12 ਜਨਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ 17 ਜਨਵਰੀ ਨੂੰ ਹੋਣ ਵਾਲੀ ਚੋਣ ਲਈ ਅੱਜ ਤੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣਗੀਆਂ। ਸ਼ਹਿਰ ਦੇ ਡਿਪਟੀ ਕਮਿਸ਼ਨਰ ਯਸ਼ਪਾਲ ਗਰਗ ਨੇ 2 ਜਨਵਰੀ ਨੂੰ ਮੇਅਰ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਪਾਰਟੀਆਂ ਨੂੰ ਸਿਆਸੀ ਤਾਲਮੇਲ ਅਤੇ ਰਣਨੀਤੀ ਲਈ 15 ਦਿਨਾਂ ਦਾ ਲੰਬਾ ਸਮਾਂ ਮਿਲਿਆ ਸੀ। ਹਾਲਾਂਕਿ ਨਾਮਜ਼ਦਗੀ ਤੋਂ ਇੱਕ ਦਿਨ ਪਹਿਲਾਂ ਤੱਕ ਤਿੰਨਾਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅੱਜ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਹੁਣ ਇਹ ਤਿੰਨੋਂ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਕਰਨਗੀਆਂ। ਇਸ ਦੇ ਨਾਲ ਹੀ ਦੱਸ ਦਈਏ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਕੋਲ ਇਸ ਸਮੇਂ 14-14 ਕੌਂਸਲਰ ਹਨ। ਇਸ ਤੋਂ ਇਲਾਵਾ ਭਾਜਪਾ ਕੋਲ ਸੰਸਦ ਮੈਂਬਰ ਕਿਰਨ ਖੇਰ ਦਾ ਵੀ ਵੋਟ ਹੈ। ਇਹਨਾਂ ਤੋਂ ਇਲਾਵਾ ਕਾਂਗਰਸ ਦੇ 6 ਅਤੇ ਅਕਾਲੀ ਦਲ ਦਾ ਇੱਕ ਕੌਂਸਲਰ ਹੈ। ਇਹ ਦੋਵੇਂ ਪਾਰਟੀਆਂ ਗੇਂਮਚੇਂਜਰ ਦਾ ਰੋਲ ਨਿਭਾ ਸਕਦੀਆਂ ਹਨ। ਇਸ ਦੇ ਨਾਲ ਹੀ ।ਦੱਸ ਦੇਈਏ ਕਿ ਸਾਲ 2015 ਤੋਂ ਹੁਣ ਤੱਕ ਕਾਂਗਰਸ ਦਾ ਕੋਈ ਵੀ ਮੇਅਰ ਨਹੀਂ ਬਣ ਸਕਿਆ ਹੈ। ਅੰਦਰਖਾਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਣ ਦੀਆਂ ਵੀ ਖਬਰਾਂ ਜੋਰਾਂ ਤੇ ਹਨ। ਇਸ ਦੇ ਨਾਲ ਹੀ ਦੱਸ ਦਈਏ 2016 ਤੋਂ ਲਗਾਤਾਰ ਭਾਜਪਾ ਮੇਅਰ ਬਣਾ ਰਹੀ ਹੈ। ਕੇਂਦਰ ਸਰਕਾਰ ਦੀ ਵੀ ਇਨ੍ਹਾਂ ਚੋਣਾਂ ‘ਤੇ ਨਜ਼ਰ ਹੈ ਅਤੇ ਦਿੱਲੀ ‘ਚ ਬੈਠੇ ਮੁੱਖ ਮੰਤਰੀ ਕੇਜਰੀਵਾਲ ਵੀ ਚੰਡੀਗੜ੍ਹ ਨਿਗਮ ‘ਚ ‘ਆਪ’ ਦੀ ਸੱਤਾ ਚਾਹੁੰਦੇ ਹਨ।