ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਅੱਜ
ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਬਰਾਬਰ ਦਾ ਮੁਕਾਬਲਾ
ਚੰਡੀਗੜ੍ਹ,8 ਜਨਵਰੀ ( ਵਿਸ਼ਵ ਵਾਰਤਾ)- ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਫੈਸਲੇ ਲਈ ਅੱਜ ਨਵੇਂ ਚੁਣੇ ਗਏ ਕੌਂਸਲਰਾਂ ਵੱਲੋਂ ਵੋਟਿੰਗ ਹੋ ਰਹੀ ਹੈ। ਕੁੱਝ ਹੀ ਸਮੇਂ ਵਿੱਚ ਸਾਫ ਹੋ ਜਾਵੇਗਾ ਕਿ ਇਹਨਾਂ ਅਹੁਦਿਆਂ ਤੇ ਕੌਣ ਬੈਠੇਗਾ। ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਜਿਆਦਾ ਸੀਟਾਂ ਜਿੱਤੀਆਂ ਸਨ। ਉਹਨਾਂ ਕੋਲ 14 ਕੌਂਸਲਰ ਹਨ।ਇਸ ਦੇ ਨਾਲ ਹੀ ਭਾਜਪਾ ਨੇ ਵੀ 12 ਸੀਟਾਂ ਤੇ ਕਬਜਾ ਕੀਤਾ ਹੋਇਆ ਹੈ। ਪਰ ਉਹਨਾਂ ਕੋਲ ਇੱਕ ਸੰਸਦ ਦੀ ਵੋਟ ਵੀ ਹੈ ਤੇ ਨਾਲ ਹੀ ਦਵਿੰਦਰ ਬਬਲਾ ਜੋ ਕਿ ਕਾਂਗਰਸ ਦੀ ਸੀਟ ਤੋਂ ਜਿੱਤੇ ਸਨ ਨੇ ਵੀ ਭਾਜਪਾ ਜੁਆਇਨ ਕਰ ਲਈ ਹੈ। ਜਿਸ ਤੋਂ ਬਾਅਦ ਆਪ ਅਤੇ ਭਾਜਪਾ ਦੋਨੋਂ ਹੀ 14 ਵੋਟਾਂ ਨਾਲ ਬਹੁਮਤ ਵਾਲੇ 18 ਦੇ ਅੰਕੜੇ ਤੋਂ ਮਹਿਜ 4 ਵੋਟਾਂ ਦੂਰ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਦੇ 7 ਅਤੇ ਇੱਕ ਅਕਾਲੀ ਕੌਂਸਲਰ ਨੇ ਅੱਜ ਦੀ ਵੋਟਿੰਗ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ।