ਚੰਡੀਗੜ੍ਹ ਦੀ ਸੁਖਨਾ ਝੀਲ ਦੇ ਗਾਰਡਨ ਆਫ਼ ਸਾਈਲੈਂਸ ‘ਚੋ ਮਿਲੀ ਲੜਕੀ ਲਾਸ਼
ਚੰਡੀਗੜ੍ਹ 29 ਅਕਤੂਬਰ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਦੇਰ ਸ਼ਾਮ ਸੁਖਨਾ ਝੀਲ ਦੇ ਪਿਛਲੇ ਪਾਸੇ ਬਣੇ ਗਾਰਡਨ ਆਫ਼ ਸਾਈਲੈਂਸ ਵਿੱਚ ਇੱਕ ਲੜਕੀ ਦੀ ਲਾਸ਼ ਮਿਲੀ ਹੈ।ਉਕਤ ਲੜਕੀ ਦੇ ਉਮਰ 22 ਤੋਂ 25 ਸਾਲ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਲੜਕੀ ਪੰਜਾਬ ਦੇ ਨੂਰਮਹਿਲ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪੁਲੀਸ ਨੇ ਲਾਸ਼ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ।
ਇਸ ਸੰਬੰਧੀ ਪ੍ਰਾਪਤ ਹੋਰ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਲੜਕੀ ਦੇ ਗਲੇ ’ਤੇ ਨਿਸ਼ਾਨ ਹਨ। ਪਹਿਲੀ ਨਜ਼ਰੇ ਪੁਲਿਸ ਨੂੰ ਇਹ ਕਤਲ ਦਾ ਮਾਮਲਾ ਜਾਪ ਰਿਹਾ ਹੈ। ਅੱਜ ਪੋਸਟਮਾਰਟਮ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਪੁਲਿਸ ਨੇ ਅਜੇ ਤੱਕ ਐਫਆਈਆਰ ਵੀ ਦਰਜ ਨਹੀਂ ਕੀਤੀ ਹੈ।
ਹੋਰ ਜਾਣਕਾਰੀ ਮੁਤਾਬਕ ਇਹ ਲੜਕੀ ਬਿਊਟੀ ਪਾਰਲਰ ‘ਚ ਕੰਮ ਕਰਦੀ ਸੀ। ਪੁਲਸ ਨੇ ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ। ਫੋਰੈਂਸਿਕ ਟੀਮ ਨੇ ਲੜਕੀ ਦੇ ਸਰੀਰ ਅਤੇ ਕੱਪੜਿਆਂ ਤੋਂ ਖੂਨ ਦੇ ਨਮੂਨੇ ਲਏ ਹਨ, ਜਿਨ੍ਹਾਂ ਨੂੰ ਜਾਂਚ ਲਈ CFSL ਭੇਜਿਆ ਜਾਵੇਗਾ। ਪੁਲਿਸ ਇਸ ਸਬੰਧੀ ਬਲਾਤਕਾਰ ਦੀ ਵੀ ਜਾਂਚ ਕਰ ਰਹੀ ਹੈ, ਹਾਲਾਂਕਿ ਸਥਿਤੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।