ਚੰਡੀਗੜ੍ਹ ‘ਚ ‘ਕੂੜੇ ਦਾ ਪਹਾੜ’ ਦਾ ਨਿਪਟਾਰਾ ਬਹੁਤ ਜਲਦ
ਪ੍ਰਸ਼ਾਸਕ ਬੀਐਲ ਪੁਰੋਹਿਤ ਅਪਗ੍ਰੇਡ ਕੀਤੇ ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਦਾ ਅੱਜ ਕਰਨਗੇ ਉਦਘਾਟਨ
ਚੰਡੀਗੜ੍ਹ 1 ਦਸੰਬਰ(ਵਿਸ਼ਵ ਵਾਰਤਾ)- ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਸੁੰਦਰਤਾ ਅਤੇ ਸਫਾਈ ਦੇ ਉਲਟ ਗੰਦਗੀ ਦਾ ਘਰ ਬਣੇ ਡੱਡੂ ਮਾਜਰਾ ਦੇ ਡੰਪਿੰਗ ਗਰਾਊਂਡ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਚੰਗੀ ਖਬਰ ਹੈ। ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਸੈਕਟਰ 25 ਵਿਖੇ ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ(ਅੱਪਗਰੇਡ) ਦਾ ਉਦਘਾਟਨ ਕਰਨਗੇ।ਜਿਸ ਤੋਂ ਬਾਅਦ ਹੁਣ 6 ਸਾਲਾਂ ਬਾਅਦ ਇੱਕ ਵਾਰ ਫਿਰ ਇੱਥੇ ਕੂੜੇ ਦੀ ਪ੍ਰੋਸੈਸਿੰਗ ਕੀਤੀ ਜਾਵੇਗੀ। ਇਸ ਨਾਲ ਰੋਜ਼ਾਨਾ 200 ਟਨ ਸ਼ਹਿਰ ਦੇ ਕੂੜੇ ਨੂੰ ਪ੍ਰੋਸੈਸ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਸਮੇਂ ਡੱਡੂ ਮਾਜਰਾ ਦੇ ਡੰਪਿੰਗ ਗਰਾਊਂਡ ਵਿੱਚ ਕੂੜਾ ਡੰਪ ਕੀਤਾ ਜਾ ਰਿਹਾ ਹੈ। ਉੱਥੇ ਹੀ ਲੋਕ ਸਾਹ ਅਤੇ ਚਮੜੀ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਹਨ।ਕਰੋੜਾਂ ਦੀਆਂ ਮਸ਼ੀਨਾਂ ਖ਼ਰੀਦਣ ਦੇ ਬਾਵਜੂਦ ਹਾਲਾਤ ਖ਼ਰਾਬ ਹਨ।
ਦੱਸ ਦੇਈਏ ਕਿ ਡੱਡੂ ਮਾਜਰਾ ਵਿੱਚ ਕੂੜੇ ਦੇ ਵੱਡੇ ਪਹਾੜ ਬਣ ਗਏ ਹਨ। ਚੰਡੀਗੜ੍ਹ ਨਗਰ ਨਿਗਮ ਨੇ ਸਫਾਈ ਦੇ ਨਾਂ ‘ਤੇ ਕਰੋੜਾਂ ਦੀਆਂ ਮਸ਼ੀਨਾਂ ਖਰੀਦੀਆਂ ਹਨ। ਉਂਜ ਡੱਡੂ ਮਾਜਰਾ ਵਿੱਚ ਹਾਲੇ ਵੀ ਹਾਲਾਤ ਖ਼ਰਾਬ ਹਨ। ਦੂਜੇ ਪਾਸੇ ਸ਼ਹਿਰ ਦੇ ਕਈ ਸੈਕਟਰਾਂ ਵਿੱਚ ਵੀ ਗੰਦਗੀ ਦੇ ਹਾਲਾਤ ਬਣੇ ਹੋਏ ਹਨ।ਪਲਾਂਟ ਦਾ ਉਦਘਾਟਨ ਅੱਜ ਸਵੇਰੇ 11 ਵਜੇ ਕੀਤਾ ਜਾਵੇਗਾ। ਇਸ ਦੌਰਾਨ ਸੈਕਟਰ 25 ਤੋਂ ਆਮ ਆਦਮੀ ਪਾਰਟੀ ਦੀ ਕੌਂਸਲਰ ਪੂਨਮ, ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਮੇਅਰ ਸਰਬਜੀਤ ਕੌਰ, ਸੰਸਦ ਮੈਂਬਰ ਕਿਰਨ ਖੇਰ ਅਤੇ ਹੋਰ ਅਧਿਕਾਰੀ ਵੀ ਇੱਥੇ ਪੁੱਜਣਗੇ। ਜਾਣਕਾਰੀ ਅਨੁਸਾਰ ਪਲਾਂਟ ਦੀ ਪੁਰਾਣੀ ਮਸ਼ੀਨਰੀ ਦੀ ਮੁਰੰਮਤ ਕਰ ਦਿੱਤੀ ਗਈ ਹੈ। ਉਥੇ ਪਲਾਂਟ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ।























